ਬੈਂਕ ਆਫ਼ ਇੰਗਲੈਂਡ ਦੇ ਸਾਬਕਾ ਮੁਖੀ ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ

ਓਟਵਾ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਬੈਂਕ ਆਫ਼ ਇੰਗਲੈਂਡ ਦੇ ਸਾਬਕਾ ਮੁਖੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਆਗੂ ਵਜੋਂ ਦੌੜ ਜਿੱਤ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਜਾਣਕਾਰੀ ਮੁਤਾਬਕ ਕਾਰਨੀ ਨੇ ਆਪਣੇ ਤਿੰਨ ਵਿਰੋਧੀਆਂ ਦੇ ਖਿਲਾਫ ਲੀਡਰਸ਼ਿਪ ਦੀ ਇਹ ਦੌੜ ਆਸਾਨੀ ਨਾਲ ਜਿੱਤ ਲਈ ਅਤੇ 131,674 ਵੋਟਾਂ ਪ੍ਰਾਪਤ ਕੀਤੀਆਂ ਹਨ। ਹੁਣ ਉਹ ਅਗਲੀਆਂ ਆਮ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਅਗਵਾਈ ਕਰਨਗੇ ਜਿਨ੍ਹਾਂ ਦੀ 20 ਅਕਤੂਬਰ ਤੱਕ ਹੋਣ ਦੀ ਸੰਭਾਵਨਾ ਹੈ। ਇਸ ਜਿੱਤ ਤੋਂ ਬਾਅਦ ਆਪਣੇ ਭਾਸ਼ਣ ਵਿੱਚ, ਯੂਕੇ ਅਤੇ ਕੈਨੇਡਾ ਦੇ ਕੇਂਦਰੀ ਬੈਂਕਾਂ ਦੇ ਸਾਬਕਾ ਮੁਖੀ ਰਹੇ ਕਾਰਨੀ ਨੇ ਟਰੰਪ ’ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ “ਕਾਲੇ ਦਿਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਦਿਨ ਇੱਕ ਅਜਿਹੇ ਦੇਸ਼ ਦੁਆਰਾ ਲਿਆਂਦੇ ਗਏ ਹਨ ਜਿਸ ’ਤੇ ਅਸੀਂ ਹੁਣ ਭਰੋਸਾ ਨਹੀਂ ਕਰ ਸਕਦੇ।”ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਸੰਦੇਸ਼ ਦਿੰਦਿਆਂ ਕਾਰਨੀ ਨੇ ਕਿਹਾ ਕਿ ਕੈਨੇਡਾ ਵੀ ਅਮਰੀਕੀ ਸਾਮਾਨਾਂ ’ਤੇ ਜਵਾਬੀ ਟੈਰਿਫ ਉਦੋਂ ਤੱਕ ਜਾਰੀ ਰੱਖੇਗਾ ਜਦੋਂ ਤੱਕ “ਅਮਰੀਕੀ ਸਾਡਾ ਸਤਿਕਾਰ ਨਹੀਂ ਕਰਦੇ’’। 


ਜ਼ਿਕਰਯੋਗ ਹੈ ਕਿ ਮਾਰਕ ਕਾਰਨੀ 2013 ਵਿੱਚ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਬਣੇ ਸਨ ਅਤੇ ਇਤਿਹਾਸ ਵਿੱਚ ਉਹ ਪਹਿਲੇ ਗੈਰ-ਬ੍ਰਿਟਿਸ਼ ਵਿਅਕਤੀ ਸਨ ਜਿਸ ਨੇ ਇਹ ਅਹੁਦਾ ਸੰਭਾਲਿਆ ਸੀ। ਬ੍ਰਿਟੇਨ ਦੇ ਸਿਖਰਲੇ ਬੈਂਕਿੰਗ ਅਹੁਦੇ ਲਈ ਚੁਣੇ ਜਾਣ ਤੋਂ ਪਹਿਲਾਂ, ਉਨ੍ਹਾਂ ਨੇ ਦੇਸ਼ ਦੇ ਕੇਂਦਰੀ ਬੈਂਕ, ਬੈਂਕ ਆਫ਼ ਕੈਨੇਡਾ ਦੇ ਗਵਰਨਰ ਵਜੋਂ ਕੰਮ ਕੀਤਾ ਅਤੇ ਦੇਸ਼ ਨੂੰ ਮਹਾ ਮੰਦੀ ਝੱਲਣ ਦੀ ਰਾਹ ਦਿਖਾਈ। ਪਰ ਜ਼ਿਆਦਾਤਰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰਾਂ ਦੇ ਉਲਟ, ਕਾਰਨੀ ਨੇ ਕਦੇ ਵੀ ਸਿਆਸੀ ਅਹੁਦਾ ਨਹੀਂ ਸੰਭਾਲਿਆ। ਫਿਰ ਵੀ, ਉਨ੍ਹਾਂ ਨੇ ਆਸਾਨੀ ਨਾਲ ਇਹ ਮੁਕਾਬਲਾ ਜਿੱਤ ਲਿਆ।
ਦੱਸ ਦਈਏ ਕਿ ਹੁਣ, ਉਨ੍ਹਾਂ ਨੂੰ ਦੇਸ਼ ਦੀਆਂ ਹੁਣ ਤੱਕ ਦੀਆਂ ਸਭ ਤੋਂ ਔਖੀਆਂ ਚੁਣੌਤੀਆਂ ਵਿੱਚੋਂ ਇੱਕ ਵਿੱਚੋਂ ਲੰਘਣਾ ਪਵੇਗਾ। ਕਿਉਂਕਿ ਇਸ ਸਮੇਂ ਕੈਨੇਡਾ ਦੇ ਆਪਣੇ ਤੋਂ ਵੱਡੇ ਵਪਾਰਕ ਭਾਈਵਾਲ, ਸੰਯੁਕਤ ਰਾਜ ਅਮਰੀਕਾ ਨਾਲ ਵਪਾਰ ਯੁੱਧ ਚੱਲ ਰਿਹਾ ਹੈ ਅਤੇ ਮਾਰਕ ਤੋਂ ਉਮੀਦ ਕੀਤੀ ਜਾਵੇਗੀ ਕਿ ਉਹ ਇਸ ਸਥਿਤੀ ’ਚੋਂ ਦੇਸ਼ ਨੂੰ ਬਾਹਰ ਕੱਢਣ। ਹਾਲਾਂਕਿ, ਪ੍ਰਧਾਨ ਮੰਤਰੀ ਦੀ ਆਪਣੀ ਭੂਮਿਕਾ ਨੂੰ ਬਰਕਰਾਰ ਰੱਖਣਾ ਵੀ ਉਨ੍ਹਾਂ ਲਈ ਆਪਣੇ ਆਪ ਵਿੱਚ ਇੱਕ ਲੜਾਈ ਹੋਵੇਗੀ।