ਪ੍ਰੈੱਟੀ ਗੋਲੀਕਾਂਡ ਤੋਂ ਬਾਅਦ ਮਿਨੀਸੋਟਾ ’ਚ ਕਾਰਵਾਈ ‘ਘਟਾਉਣ’ ਦੇ ਸੰਕੇਤ: ਟਰੰਪ
ਵਾਸ਼ਿੰਗਟਨ/ਮਿਨੀਐਪੋਲਿਸ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮਿਨੀਸੋਟਾ ਵਿੱਚ ਫੈਡਰਲ ਇਮੀਗ੍ਰੇਸ਼ਨ ਏਜੰਸੀਆਂ ਦੀ ਕਾਰਵਾਈ ਨੂੰ ਕੁਝ ਹੱਦ ਤੱਕ “ਡੀ-ਐਸਕਲੇਟ” ਕੀਤਾ ਜਾਵੇਗਾ। ਇਹ ਬਿਆਨ ਉਨ੍ਹਾਂ ਵੱਲੋਂ ਮਿਨੀਸੋਟਾ ਵਿੱਚ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹੱਥੋਂ ਦੂਜੇ ਅਮਰੀਕੀ ਨਾਗਰਿਕ ਐਲੈਕਸ ਪ੍ਰੈੱਟੀ ਦੀ ਮੌਤ ਤੋਂ ਬਾਅਦ ਆਇਆ ਹੈ।
ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ, “ਹੇਠਲਾ ਸੱਚ ਇਹ ਹੈ ਕਿ ਇਹ ਘਟਨਾ ਬਹੁਤ ਮਾੜੀ ਸੀ। ਦੋਵੇਂ ਘਟਨਾਵਾਂ ਹੀ ਦੁੱਖਦਾਇਕ ਹਨ।” ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਰੀਨੀ ਗੁੱਡ ਦੀ ਵੀ ਇੱਕ ਇਮੀਗ੍ਰੇਸ਼ਨ ਅਧਿਕਾਰੀ ਦੀ ਗੋਲੀ ਨਾਲ ਮੌਤ ਹੋ ਗਈ ਸੀ, ਜਦਕਿ ਐਲੈਕਸ ਪ੍ਰੈੱਟੀ ਨੂੰ ਸ਼ਨੀਵਾਰ ਨੂੰ ਬਾਰਡਰ ਏਜੰਟਾਂ ਵੱਲੋਂ ਰੋਕੇ ਜਾਣ ਮਗਰੋਂ ਗੋਲੀ ਮਾਰੀ ਗਈ।
ਪ੍ਰੈੱਟੀ ਦੀ ਮੌਤ ਤੋਂ ਬਾਅਦ ਮਿਨੀਸੋਟਾ ਸਮੇਤ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਅਤੇ ਦੋਵੇਂ ਪਾਰਟੀਆਂ ਦੇ ਕਈ ਕਾਨੂੰਨ ਸਾਜ਼ਾਂ ਵੱਲੋਂ ਸਰਕਾਰ ਦੀ ਆਲੋਚਨਾ ਕੀਤੀ ਗਈ। ਪ੍ਰੈੱਟੀ, ਜੋ ਕਿ ਵੈਟਰਨਜ਼ ਹਸਪਤਾਲ ਵਿੱਚ ਆਈ.ਸੀ.ਯੂ. ਨਰਸ ਸੀ, ਦੀ ਮੌਤ ਨੂੰ ਟਰੰਪ ਨੇ “ਇੱਕ ਬਹੁਤ ਹੀ ਦੁਖਦਾਈ ਘਟਨਾ” ਕਰਾਰ ਦਿੱਤਾ।
ਜਦੋਂ ਪੱਤਰਕਾਰਾਂ ਨੇ ਪ੍ਰੈੱਟੀ ਨੂੰ “ਘਰੇਲੂ ਆਤੰਕਵਾਦੀ” ਕਹਿਣ ਸਬੰਧੀ ਪੁੱਛਿਆ, ਤਾਂ ਟਰੰਪ ਨੇ ਕਿਹਾ, “ਮੈਂ ਇਹ ਨਹੀਂ ਸੁਣਿਆ।” ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ “ਉਸਨੂੰ ਹਥਿਆਰ ਨਹੀਂ ਰੱਖਣਾ ਚਾਹੀਦਾ ਸੀ।”
ਦੂਜੇ ਪਾਸੇ ਹੋਮਲੈਂਡ ਸਿਕਿਉਰਟੀ ਸਕੱਤਰ ਕ੍ਰਿਸਟੀ ਨੋਏਮ ਨੇ ਦਾਅਵਾ ਕੀਤਾ ਕਿ ਪ੍ਰੈੱਟੀ ਹਿੰਸਾ ਫੈਲਾਉਣ ਦੇ ਇਰਾਦੇ ਨਾਲ ਉੱਥੇ ਮੌਜੂਦ ਸੀ ਅਤੇ ਉਨ੍ਹਾਂ ਉਸ ’ਤੇ “ਘਰੇਲੂ ਆਤੰਕਵਾਦ” ਦੇ ਦੋਸ਼ ਲਗਾਏ। ਡੀ.ਐਚ.ਐੱਸ. ਦਾ ਕਹਿਣਾ ਹੈ ਕਿ ਏਜੰਟਾਂ ਨੇ ਆਤਮ-ਰੱਖਿਆ ਵਿੱਚ ਗੋਲੀਆਂ ਚਲਾਈਆਂ।
ਹਾਲਾਂਕਿ ਸਥਾਨਕ ਅਧਿਕਾਰੀਆਂ ਅਤੇ ਗਵਾਹਾਂ ਨੇ ਇਸ ਦਾਅਵੇ ’ਤੇ ਸਵਾਲ ਚੁੱਕੇ ਹਨ। ਬੀ.ਬੀ.ਸੀ. ਵੈਰੀਫਾਈ ਵੱਲੋਂ ਉਪਲਬਧ ਵੀਡੀਓ ਦੀ ਜਾਂਚ ਵਿੱਚ ਪ੍ਰੈੱਟੀ ਦੇ ਹੱਥ ਵਿੱਚ ਹਥਿਆਰ ਦੀ ਥਾਂ ਮੋਬਾਈਲ ਫੋਨ ਦਿਖਾਈ ਦੇਣ ਦੀ ਗੱਲ ਕਹੀ ਗਈ ਹੈ। ਸਥਾਨਕ ਪ੍ਰਸ਼ਾਸਨ ਮੁਤਾਬਕ ਹਥਿਆਰ ਕਾਨੂੰਨੀ ਤੌਰ ’ਤੇ ਦਰਜ ਸੀ ਅਤੇ ਗੋਲੀ ਉਸ ਸਮੇਂ ਮਾਰੀ ਗਈ ਜਦੋਂ ਉਹ ਹਥਿਆਰ ਉਸ ਤੋਂ ਹਟਾਇਆ ਜਾ ਚੁੱਕਾ ਸੀ।
ਇਸ ਦਰਮਿਆਨ ਹੋਮਲੈਂਡ ਸਿਕਿਉਰਟੀ ਵਿਭਾਗ ਨੇ ਮਿਨੀਸੋਟਾ ਮਿਸ਼ਨ ਦੇ ਮੁਖੀ ਗ੍ਰੇਗਰੀ ਬੋਵੀਨੋ ਨੂੰ ਰਾਜ ਤੋਂ ਹਟਾ ਕੇ ਵ੍ਹਾਈਟ ਹਾਊਸ ਦੇ ਬਾਰਡਰ ਜ਼ਾਰ ਟੌਮ ਹੋਮੈਨ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਪ੍ਰੈੱਟੀ ਦੀ ਮੌਤ ਤੋਂ ਬਾਅਦ ਸੂਬਾਈ ਅਤੇ ਸ਼ਹਿਰੀ ਨੇਤਾਵਾਂ ਵੱਲੋਂ ਮਿਨੀਸੋਟਾ ਤੋਂ ਇਮੀਗ੍ਰੇਸ਼ਨ ਫੋਰਸਾਂ ਨੂੰ ਵਾਪਸ ਬੁਲਾਉਣ ਦੀ ਮੰਗ ਤੇਜ਼ ਹੋ ਗਈ ਹੈ।
















