ਅਮਰੀਕੀ ਹਵਾਈ ਸੁਰੱਖਿਆ ਏਜੰਸੀਆਂ ਵੱਲੋਂ ਅਲਕਾਇਦਾ ਦੇ ਸੰਭਾਵਿਤ ਹਮਲਿਆਂ ਸਬੰਧੀ ਚਿਤਾਵਨੀ ਜਾਰੀ
US federal security agencies, including the FBI, DHS and TSA, have issued a joint advisory warning airlines, airports and air cargo operators about Al Qaeda-linked messages encouraging attacks on aviation targets.
ਵਾਸ਼ਿੰਗਟਨ-ਅਮਰੀਕਾ ਦੀਆਂ ਸੰਘੀ ਸੁਰੱਖਿਆ ਏਜੰਸੀਆਂ ਨੇ ਦੇਸ਼ ਦੀਆਂ ਹਵਾਈ ਸੇਵਾਵਾਂ, ਹਵਾਈ ਅੱਡਿਆਂ ਅਤੇ ਹਵਾਈ ਮਾਲ ਢੋਣ ਵਾਲੀਆਂ ਕੰਪਨੀਆਂ ਨੂੰ ਅਲਕਾਇਦਾ ਨਾਲ ਜੁੜੇ ਸਮੂਹਾਂ ਵੱਲੋਂ ਹਮਲਿਆਂ ਲਈ ਉਕਸਾਉਣ ਵਾਲੇ ਸੰਦੇਸ਼ਾਂ ਸਬੰਧੀ ਚੌਕਸ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਸੀਐੱਨਐੱਨ ਦੀ ਰਿਪੋਰਟ ਅਨੁਸਾਰ ਐੱਫਬੀਆਈ, ਹੋਮਲੈਂਡ ਸਕਿਓਰਿਟੀ ਵਿਭਾਗ ਅਤੇ ਟਰਾਂਸਪੋਰਟੇਸ਼ਨ ਸੁਰੱਖਿਆ ਪ੍ਰਸ਼ਾਸਨ ਨੇ ਵੀਰਵਾਰ ਨੂੰ ਸਾਂਝੀ ਸਲਾਹ ਜਾਰੀ ਕਰਦਿਆਂ ਦੱਸਿਆ ਕਿ ਅਲਕਾਇਦਾ ਨਾਲ ਸਬੰਧਤ ਜਥੇਬੰਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਸਤੰਬਰ ਵਿੱਚ ਦੁਬਈ ਤੋਂ ਤੇਲ ਅਵੀਵ ਜਾ ਰਹੀ ਉਡਾਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਨ੍ਹਾਂ ਸੰਦੇਸ਼ਾਂ ਵਿੱਚ ਅਜਿਹੇ ਹਮਲਿਆਂ ਨੂੰ ਦੁਹਰਾਉਣ ਲਈ ਵੀ ਉਕਸਾਇਆ ਗਿਆ ਹੈ।
ਹਾਲਾਂਕਿ, ਕਾਨੂੰਨ ਲਾਗੂ ਕਰਨ ਵਾਲੇ ਇੱਕ ਅਧਿਕਾਰੀ ਨੇ ਸੀਐੱਨਐੱਨ ਨੂੰ ਦੱਸਿਆ ਕਿ ਇਸ ਸਮੇਂ ਕਿਸੇ ਖਾਸ ਜਾਂ ਭਰੋਸੇਯੋਗ ਹਮਲੇ ਦੀ ਯੋਜਨਾ ਬਾਰੇ ਜਾਣਕਾਰੀ ਨਹੀਂ ਹੈ। ਸੁਰੱਖਿਆ ਏਜੰਸੀਆਂ ਵੱਲੋਂ ਉਦਯੋਗਿਕ ਅਦਾਰਿਆਂ ਨਾਲ ਖੁਫੀਆ ਜਾਣਕਾਰੀ ਸਾਂਝੀ ਕਰਨਾ ਆਮ ਪ੍ਰਕਿਰਿਆ ਦਾ ਹਿੱਸਾ ਹੈ।
ਇਹ ਚਿਤਾਵਨੀ ਅਮਰੀਕਾ ਵਿੱਚ ਥੈਂਕਸਗਿਵਿੰਗ ਦੀਆਂ ਛੁੱਟੀਆਂ ਤੋਂ ਪਹਿਲਾਂ ਜਾਰੀ ਕੀਤੀ ਗਈ ਹੈ। ਇਸ ਸਮੇਂ ਦੌਰਾਨ ਹਵਾਈ ਯਾਤਰਾ ਵਿੱਚ ਕਾਫ਼ੀ ਵਾਧਾ ਹੁੰਦਾ ਹੈ। ਅਮਰੀਕੀ ਆਟੋਮੋਬਾਈਲ ਐਸੋਸੀਏਸ਼ਨ (ਏਏਏ) ਦੇ ਅਨੁਮਾਨ ਅਨੁਸਾਰ 24 ਤੋਂ 30 ਨਵੰਬਰ ਦਰਮਿਆਨ ਲਗਭਗ 60 ਲੱਖ ਲੋਕ ਘਰੇਲੂ ਉਡਾਣਾਂ ਰਾਹੀਂ ਸਫ਼ਰ ਕਰਨਗੇ।
ਰਿਪੋਰਟ ਅਨੁਸਾਰ ਸਤੰਬਰ ਵਿੱਚ ਦੁਬਈ ਤੋਂ ਤੇਲ ਅਵੀਵ ਜਾ ਰਹੀ ਉਡਾਣ ਦੌਰਾਨ ਇੱਕ ਪਾਇਲਟ ਨੇ ਕਥਿਤ ਤੌਰ ’ਤੇ ਕਾਕਪਿਟ ਵਿੱਚ ਕੁਹਾੜੀ ਨਾਲ ਦੂਜੇ ਪਾਇਲਟ ਉੱਤੇ ਹਮਲਾ ਕੀਤਾ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਸੀ ਕਿ ਜ਼ਖ਼ਮੀ ਪਾਇਲਟ ਨੇ ਹਮਲਾਵਰ ਦਾ ਮੁਕਾਬਲਾ ਕਰਦਿਆਂ ਇੱਕ ਵੱਡੀ ਹਵਾਈ ਤ੍ਰਾਸਦੀ ਨੂੰ ਟਾਲ ਦਿੱਤਾ। ਹਮਲਾਵਰ ਦੀ ਪਛਾਣ ਹਮਾਮ ਅਲ-ਹਮਾਮੀ ਵਜੋਂ ਕੀਤੀ ਗਈ ਸੀ।
ਸੁਰੱਖਿਆ ਏਜੰਸੀਆਂ ਨੇ ਹਵਾਈ ਕੰਪਨੀਆਂ ਅਤੇ ਹਵਾਈ ਅੱਡਿਆਂ ਦੇ ਕਰਮਚਾਰੀਆਂ ਨੂੰ ਸ਼ੱਕੀ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਲਈ ਕਿਹਾ ਹੈ। ਇਨ੍ਹਾਂ ਵਿੱਚ ਸੁਰੱਖਿਆ ਜਾਂਚ ਤੋਂ ਬਚਣ ਦੀ ਕੋਸ਼ਿਸ਼ ਕਰਨਾ, ਬਿਨਾਂ ਕਿਸੇ ਜਾਇਜ਼ ਕਾਰਨ ਦੇ ਉਡਾਣਾਂ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲੈਣਾ ਅਤੇ ਕਿਸੇ ਖਾਸ ਸਮਾਨ ਨੂੰ ਬਿਨਾਂ ਸਹਾਇਤਾ ਖੁਦ ਸੰਭਾਲਣ ਦੀ ਜ਼ਿੱਦ ਕਰਨਾ ਸ਼ਾਮਲ ਹੈ।
ਇਸ ਤੋਂ ਇਲਾਵਾ ਹਵਾਈ ਜਹਾਜ਼ਾਂ ਦੇ ਰੇਡੀਓ, ਹਵਾਈ ਅੱਡਿਆਂ ਦੇ ਪ੍ਰਵੇਸ਼ ਪਛਾਣ-ਪੱਤਰਾਂ ਅਤੇ ਕਰਮਚਾਰੀਆਂ ਦੀਆਂ ਵਰਦੀਆਂ ਦਾ ਅਚਾਨਕ ਗਾਇਬ ਹੋਣਾ ਵੀ ਸ਼ੱਕੀ ਸੰਕੇਤਾਂ ਵਜੋਂ ਦਰਸਾਇਆ ਗਿਆ ਹੈ।ਏਜੰਸੀਆਂ ਨੇ ਮੱਧ ਪੂਰਬ ਵਿੱਚ ਜਾਰੀ ਤਣਾਅ ਨੂੰ ਵੀ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲਾ ਸੰਭਾਵੀ ਕਾਰਕ ਦੱਸਿਆ ਹੈ ਅਤੇ ਹਵਾਈ ਸੁਰੱਖਿਆ ਨਾਲ ਜੁੜੇ ਸਾਰੇ ਅਦਾਰਿਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।














