ਨਿਊਜ਼ੀਲੈਂਡ ਦੌਰੇ ’ਤੇ ਭਾਰਤੀ ਹਾਕੀ ਟੀਮ ਦੀ ਅਗਵਾਈ ਕਰੇਗਾ ਸੰਜੈ
Olympic bronze medallist Sanjay will lead a 20-member young Indian men's hockey team on a three-match tour of New Zealand from November 15 to 23, 2026.
ਆਕਲੈਂਡ-ਓਲੰਪਿਕ ਕਾਂਸੀ ਤਗ਼ਮਾ ਜੇਤੂ ਸੰਜੈ 15 ਤੋਂ 23 ਨਵੰਬਰ ਤੱਕ ਨਿਊਜ਼ੀਲੈਂਡ ਦੇ ਤਿੰਨ ਮੈਚਾਂ ਦੇ ਦੌਰੇ ’ਤੇ ਨੌਜਵਾਨ ਭਾਰਤੀ ਪੁਰਸ਼ ਹਾਕੀ ਟੀਮ ਦੀ ਅਗਵਾਈ ਕਰੇਗਾ। ਇਹ ਦੌਰਾ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡ ਸਬੰਧਾਂ ਦੇ 100 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਕਰਵਾਇਆ ਜਾ ਰਿਹਾ ਹੈ।
ਭਾਰਤੀ ਟੀਮ 19, 21 ਅਤੇ 22 ਨਵੰਬਰ ਨੂੰ ਆਕਲੈਂਡ ਦੇ ਲੌਇਡ ਐਲਸਮੋਰ ਹਾਕੀ ਸਟੇਡੀਅਮ ਵਿੱਚ ਮੇਜ਼ਬਾਨ ਟੀਮ ਨਾਲ ਮੁਕਾਬਲਾ ਕਰੇਗੀ। ਇਹ ਦੌਰਾ 1926 ਵਿੱਚ ਭਾਰਤੀ ਫ਼ੌਜ ਦੀ ਹਾਕੀ ਟੀਮ ਵੱਲੋਂ ਕੀਤੇ ਇਤਿਹਾਸਕ ਨਿਊਜ਼ੀਲੈਂਡ ਦੌਰੇ ਦੀ ਯਾਦ ਦਿਵਾਏਗਾ। ਉਸ ਟੀਮ ਵਿੱਚ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਵੀ ਸ਼ਾਮਲ ਸਨ। ਇਹ ਕਿਸੇ ਵੀ ਖੇਡ ਵਿੱਚ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੀ ਪਹਿਲੀ ਭਾਰਤੀ ਟੀਮ ਸੀ।
ਹਾਕੀ ਇੰਡੀਆ ਵੱਲੋਂ ਸੋਮਵਾਰ ਨੂੰ ਐਲਾਨੀ ਗਈ 20 ਮੈਂਬਰੀ ਟੀਮ ਵਿੱਚ ਉੱਭਰ ਰਹੇ ਅੰਡਰ-21 ਖਿਡਾਰੀਆਂ ਅਤੇ ਮੌਜੂਦਾ ਇੰਡੀਆ ‘ਏ’ ਟੀਮ ਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੌਰੇ ਰਾਹੀਂ ਨੌਜਵਾਨ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਮਿਲੇਗਾ।
ਮੁੱਖ ਕੋਚ ਕਰੈਗ ਫੁਲਟਨ ਨੇ ਕਿਹਾ ਕਿ ਇਹ ਮੈਚ ਕੋਚਿੰਗ ਸਟਾਫ਼ ਨੂੰ ਘਰੇਲੂ ਮੈਦਾਨ ’ਤੇ ਮਜ਼ਬੂਤ ਵਿਰੋਧੀ ਟੀਮ ਖ਼ਿਲਾਫ਼ ਉੱਭਰ ਰਹੇ ਖਿਡਾਰੀਆਂ ਦੀ ਸਮਰੱਥਾ ਪਰਖਣ ਵਿੱਚ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਟੀਮ ਵਿੱਚ ਨਵੇਂ ਅੰਡਰ-21 ਖਿਡਾਰੀਆਂ ਅਤੇ ਇੰਡੀਆ ‘ਏ’ ਗਰੁੱਪ ਦੇ ਮੌਜੂਦਾ ਖਿਡਾਰੀਆਂ ਦਾ ਸੁਮੇਲ ਹੈ।
ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਦੀ ਖੇਡ ਦੋਸਤੀ ਦੇ 100 ਸਾਲ ਪੂਰੇ ਹੋਣ ਦਾ ਜਸ਼ਨ ਹੈ। ਇਸ ਨਾਲ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਵੀ ਮਿਲੇਗਾ।
ਟੀਮ ਵਿੱਚ ਗੋਲਕੀਪਰ ਮੋਹਿਤ ਐੱਚ. ਐੱਸ. ਅਤੇ ਪਵਨ ਸ਼ਾਮਲ ਹਨ। ਡਿਫੈਂਸ ਲਾਈਨ ਦੀ ਜ਼ਿੰਮੇਵਾਰੀ ਕਪਤਾਨ ਸੰਜੈ ਦੇ ਨਾਲ ਨੀਲਮ ਸੰਜੀਪ ਜ਼ੈਸ, ਸ਼ਾਰਦਾ ਨੰਦ ਤਿਵਾੜੀ, ਤਾਲੇਮ ਪ੍ਰਿਓਬਰਤਾ, ਅਨਮੋਲ ਏਕੜ ਅਤੇ ਯਸ਼ਦੀਪ ਸਿਵਾਚ ਸੰਭਾਲਣਗੇ।














