ਕੈਨੇਡਾ ਵਿੱਚ ਬੇਘਰਾਂ ਦੀ ਸਮੱਸਿਆ ਖ਼ਤਮ ਕਰਨ ਲਈ 10 ਸਾਲਾਂ ਵਿੱਚ ਖ਼ਰਚੇ ਜਾਣਗੇ 30 ਅਰਬ ਡਾਲਰ

Canadian Prime Minister Mark Carney's government has announced a $30 billion, 10-year plan to tackle homelessness. The initiative includes 2,500 new homes in Winnipeg, along with mental health, addiction treatment and social support services.

ਕੈਨੇਡਾ ਵਿੱਚ ਬੇਘਰਾਂ ਦੀ ਸਮੱਸਿਆ ਖ਼ਤਮ ਕਰਨ ਲਈ 10 ਸਾਲਾਂ ਵਿੱਚ ਖ਼ਰਚੇ ਜਾਣਗੇ 30 ਅਰਬ ਡਾਲਰ

ਵਿੰਨੀਪੈੱਗ-ਕੈਨੇਡਾ ਵਿੱਚ ਬੇਘਰ ਲੋਕਾਂ ਦੀ ਸਮੱਸਿਆ ਨੂੰ ਖ਼ਤਮ ਕਰਨ ਅਤੇ ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ ਅਗਲੇ 10 ਸਾਲਾਂ ਵਿੱਚ ਲਗਭਗ 30 ਅਰਬ ਡਾਲਰ ਖ਼ਰਚਣ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਬੇਘਰ ਲੋਕਾਂ ਨੂੰ ਘਰ ਦੇਣ ਦੇ ਨਾਲ-ਨਾਲ ਮਾਨਸਿਕ ਸਿਹਤ ਅਤੇ ਨਸ਼ਾ-ਮੁਕਤੀ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਯੋਜਨਾ ਦੀ ਸ਼ੁਰੂਆਤ ਮੈਨੀਟੋਬਾ ਸੂਬੇ ਤੋਂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਿੰਨੀਪੈੱਗ ਵਿੱਚ ਸੂਬੇ ਦੇ ਪ੍ਰੀਮੀਅਰ ਵੈਬ ਕਿਨਿਊ ਅਤੇ ਸ਼ਹਿਰ ਦੇ ਮੇਅਰ ਸਕਾਟ ਗਿਲਿੰਘਮ ਦੀ ਮੌਜੂਦਗੀ ਵਿੱਚ ਇੱਕ ਅਰਬ ਡਾਲਰ ਤੋਂ ਵੱਧ ਦੇ ਨਵੇਂ ਨਿਵੇਸ਼ ਦਾ ਐਲਾਨ ਕੀਤਾ। ਇਹ ਫੈਡਰਲ ਅਤੇ ਸੂਬਾਈ ਸਰਕਾਰਾਂ ਦੀ ਸਾਂਝੀ ਯੋਜਨਾ ਹੈ, ਜਿਸ ਵਿੱਚ ਵਿੰਨੀਪੈੱਗ ਪ੍ਰਸ਼ਾਸਨ ਵੀ ਜ਼ਮੀਨ ਅਤੇ ਯੋਜਨਾਬੰਦੀ ਰਾਹੀਂ ਯੋਗਦਾਨ ਪਾਵੇਗਾ। ਹਾਲਾਂਕਿ, ਇਹ ਸਾਰੀ ਰਕਮ ਸਿੱਧੇ ਸ਼ਹਿਰ ਨੂੰ ਨਹੀਂ ਦਿੱਤੀ ਜਾਵੇਗੀ।

ਮੈਨੀਟੋਬਾ ਲਈ ਐਲਾਨੀ ਗਈ ਰਕਮ ਵਿੱਚੋਂ 800 ਮਿਲੀਅਨ ਡਾਲਰ ਤੋਂ ਵੱਧ ਖ਼ਰਚ ਕਰਕੇ 2,000 ਤੋਂ ਵੱਧ ਸਹਾਇਕ ਅਤੇ ਅਸਥਾਈ ਰਿਹਾਇਸ਼ੀ ਇਕਾਈਆਂ ਬਣਾਈਆਂ ਜਾਣਗੀਆਂ। ਇਨ੍ਹਾਂ ਵਿੱਚ ਬੇਘਰ ਲੋਕਾਂ ਅਤੇ ਬੇਘਰ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਨੂੰ ਰਹਿਣ ਦੀ ਸਹੂਲਤ ਮਿਲੇਗੀ। ਪਹਿਲਾਂ ਮਨਜ਼ੂਰ ਹੋਏ ਪ੍ਰਾਜੈਕਟਾਂ ਨੂੰ ਵੀ ਸ਼ਾਮਲ ਕਰਦਿਆਂ ਵਿੰਨੀਪੈੱਗ ਵਿੱਚ ਕੁੱਲ 2,500 ਨਵੇਂ ਘਰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।

ਇਸ ਤੋਂ ਇਲਾਵਾ 200 ਮਿਲੀਅਨ ਡਾਲਰ ਤੋਂ ਵੱਧ ਦੀ ਲਾਗਤ ਨਾਲ ਵਿੰਨੀਪੈੱਗ ਵਿੱਚ ਮਾਨਸਿਕ ਸਿਹਤ ਅਤੇ ਨਸ਼ਾ-ਮੁਕਤੀ ਕੇਂਦਰ ਸਥਾਪਤ ਕੀਤਾ ਜਾਵੇਗਾ। ਇੱਥੇ ਮਾਨਸਿਕ ਸਿਹਤ ਸਮੱਸਿਆਵਾਂ ਅਤੇ ਨਸ਼ਿਆਂ ਦੀ ਲਤ ਨਾਲ ਜੂਝ ਰਹੇ ਲੋਕਾਂ ਨੂੰ ਇਲਾਜ, ਰਿਹਾਇਸ਼ ਅਤੇ ਸਮਾਜਿਕ ਸਹਾਇਤਾ ਦਿੱਤੀ ਜਾਵੇਗੀ। ਇਹ ਕੇਂਦਰ ਲਗਪਗ ਤਿੰਨ ਸਾਲਾਂ ਵਿੱਚ ਚਾਲੂ ਹੋਣ ਦੀ ਉਮੀਦ ਹੈ।

ਮੈਨੀਟੋਬਾ ਸਰਕਾਰ ਨਵੇਂ ਘਰਾਂ ਦੇ ਰੋਜ਼ਾਨਾ ਪ੍ਰਬੰਧ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਏਗੀ। ਪ੍ਰੀਮੀਅਰ ਵੈਬ ਕਿਨਿਊ ਨੇ ਇਸ ਨਿਵੇਸ਼ ਨੂੰ ਸੂਬੇ ਲਈ ਪੀੜ੍ਹੀਆਂ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਕਰਾਰ ਦਿੱਤਾ ਹੈ। ਸੂਬਾ ਸਰਕਾਰ ਨੇ 2031 ਤੱਕ ਲੰਮੇ ਸਮੇਂ ਤੋਂ ਬੇਘਰ ਰਹਿ ਰਹੇ ਲੋਕਾਂ ਦੀ ਸਮੱਸਿਆ ਖ਼ਤਮ ਕਰਨ ਦਾ ਟੀਚਾ ਵੀ ਰੱਖਿਆ ਹੈ।

ਫੈਡਰਲ ਅੰਕੜਿਆਂ ਅਨੁਸਾਰ, ਸਾਲ 2025 ਵਿੱਚ ਵਿੰਨੀਪੈੱਗ ਵਿੱਚ ਕੀਤੇ ਗਏ ਇੱਕ ਰਾਤ ਦੇ ਸਰਵੇਖਣ ਦੌਰਾਨ 2,469 ਲੋਕ ਬੇਘਰ ਪਾਏ ਗਏ ਸਨ। ਇਨ੍ਹਾਂ ਵਿੱਚੋਂ ਲਗਪਗ 68 ਫੀਸਦੀ ਲੋਕ ਲੰਮੇ ਸਮੇਂ ਤੋਂ ਬੇਘਰ ਸਨ, ਜਦਕਿ ਕਰੀਬ 80 ਫੀਸਦੀ ਨੇ ਆਪਣੀ ਪਛਾਣ ਮੂਲਵਾਸੀ ਭਾਈਚਾਰੇ ਨਾਲ ਸਬੰਧਤ ਦੱਸੀ ਸੀ। ਇਸੇ ਸਾਲ ਪੂਰੇ ਕੈਨੇਡਾ ਵਿੱਚ ਲਗਪਗ 65,000 ਲੋਕ ਬੇਘਰ ਸਨ।