ਕੈਲਗਰੀ ਵਿੱਚ ਫ੍ਰੀਜ਼ਿੰਗ ਡ੍ਰਿਜ਼ਲ ਤੇ ਧੁੰਦ ਲਈ ਚੇਤਾਵਨੀ ਜਾਰੀ
ਕੈਲਗਰੀ-ਕੈਲਗਰੀ ਵਿੱਚ ਸੋਮਵਾਰ ਸਵੇਰੇ ਫ੍ਰੀਜ਼ਿੰਗ ਡ੍ਰਿਜ਼ਲ (ਬਰਫੀਲੀ ਬੂੰਦਾਬਾਂਦੀ) ਅਤੇ ਘਣੀ ਧੁੰਦ ਕਾਰਨ ਲੋਕਾਂ ਲਈ ਦਿਨ ਦੀ ਸ਼ੁਰੂਆਤ ਮੁਸ਼ਕਿਲ ਭਰੀ ਰਹੀ।ਇਨਵਾਇਰਨਮੈਂਟ ਐਂਡ ਕਲਾਈਮਟ ਚੇਂਜ ਕੈਨੇਡਾ ਵੱਲੋਂ ਸਵੇਰੇ ਕਰੀਬ 6:30 ਵਜੇ ਸ਼ਹਿਰ ਲਈ ਫ੍ਰੀਜ਼ਿੰਗ ਡ੍ਰਿਜ਼ਲ ਦੀ ਪੀਲੀ ਚੇਤਾਵਨੀ ਜਾਰੀ ਕੀਤੀ ਗਈ। ਇਸ ਤੋਂ ਬਾਅਦ ਲਗਭਗ 7:45 ਵਜੇ ਧੁੰਦ ਲਈ ਵੀ ਪੀਲੀ ਚੇਤਾਵਨੀ ਜਾਰੀ ਕੀਤੀ ਗਈ।ਮੌਸਮ ਵਿਭਾਗ ਮੁਤਾਬਕ ਸੜਕਾਂ, ਫੁੱਟਪਾਥਾਂ ਅਤੇ ਹੋਰ ਸਤ੍ਹਾਵਾਂ ਬਰਫੀਲੀ ਤੇ ਫਿਸਲਣ ਵਾਲੀਆਂ ਹੋ ਸਕਦੀਆਂ ਹਨ। ਇਹ ਬਰਫੀਲੀ ਪਰਤ ਅਕਸਰ ਅੱਖਾਂ ਨਾਲ ਸਪਸ਼ਟ ਨਹੀਂ ਦਿਸਦੀ, ਜਿਸ ਕਾਰਨ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ।
ਧੁੰਦ ਦੇ ਮਾਮਲੇ ਵਿੱਚ ਵੀ ਕਈ ਇਲਾਕਿਆਂ ਵਿੱਚ ਯਾਤਰਾ ਖਤਰਨਾਕ ਹੋ ਸਕਦੀ ਹੈ ਕਿਉਂਕਿ ਦਿੱਖ ਘੱਟ ਹੋ ਜਾਂਦੀ ਹੈ।ਇਨਵਾਇਰਨਮੈਂਟ ਕੈਨੇਡਾ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਚੱਲਣ ਜਾਂ ਗੱਡੀ ਚਲਾਉਣ ਸਮੇਂ ਵਧੀਕ ਸਾਵਧਾਨੀ ਵਰਤਣ। ਡਰਾਈਵਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਹੈਡਲਾਈਟਾਂ ਚਾਲੂ ਰੱਖਣ, ਗਤੀ ਹੌਲੀ ਰੱਖਣ ਅਤੇ ਅੱਗੇ ਵਾਲੀ ਗੱਡੀ ਨਾਲ ਸੁਰੱਖਿਅਤ ਦੂਰੀ ਬਣਾਈ ਰੱਖਣ। ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜਦ ਤੱਕ ਹਾਲਾਤ ਸੁਧਰਦੇ ਨਹੀਂ, ਤਦ ਤੱਕ ਯਾਤਰਾ ਦੌਰਾਨ ਸਾਵਧਾਨੀ ਬਹੁਤ ਜ਼ਰੂਰੀ ਹੈ।
















