ਇਟਲੀ ਵਿੱਚ ਵਿੰਟਰ ਓਲੰਪਿਕਸ 2026 ਦੀ ਸ਼ੁਰੂਆਤ

ਇਟਲੀ ਵਿੱਚ ਵਿੰਟਰ ਓਲੰਪਿਕਸ 2026 ਦੀ ਸ਼ੁਰੂਆਤ

ਮਿਲਾਨੋ-ਕੋਰਟੀਨਾ-ਇਟਲੀ ਵਿੱਚ 2026 ਦੀਆਂ ਵਿੰਟਰ ਓਲੰਪਿਕ ਖੇਡਾਂ ਦਾ ਸ਼ੁੱਕਰਵਾਰ ਨੂੰ ਰਸਮੀ ਤੌਰ ’ਤੇ ਆਗਾਜ਼ ਹੋ ਗਿਆ। ਇਹ ਵਿਸ਼ਵ ਪੱਧਰੀ ਖੇਡ ਮਹਾਕੁੰਭ ਮਿਲਾਨੋ ਅਤੇ ਕੋਰਟੀਨਾ ਡੀ’ਅੰਪੇਜ਼ੋ ਸ਼ਹਿਰਾਂ ਵਿੱਚ ਆਯੋਜਿਤ ਕੀਤਾ ਗਿਆ ਹੈ, ਜੋ 6 ਫਰਵਰੀ ਤੋਂ 22 ਫਰਵਰੀ ਤੱਕ ਚਲੇਗਾ। ਇਸ ਮਹਾਂ ਖੇਡ ਸਮਾਗਮ ਵਿੱਚ ਦੁਨੀਆ ਭਰ ਤੋਂ ਹਜ਼ਾਰਾਂ ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੇ।

ਉਦਘਾਟਨੀ ਸਮਾਰੋਹ ਦੌਰਾਨ ਕੈਨੇਡਾ ਵੱਲੋਂ ਝੰਡਾ ਥਾਮਣ ਦਾ ਮਾਣ ਫ੍ਰੀਸਟਾਈਲ ਸਕੀਇੰਗ ਦੇ ਪ੍ਰਸਿੱਧ ਖਿਡਾਰੀ ਮਿਕਾਏਲ ਕਿੰਗਜ਼ਬਰੀ ਅਤੇ ਸਕੀ ਕ੍ਰੌਸ ਦੀ ਮਾਹਿਰ ਖਿਡਾਰਣ ਮੈਰੀਐਲ ਥੌਮਪਸਨ ਨੂੰ ਮਿਲਿਆ। ਦੋਵੇਂ ਹੀ ਖਿਡਾਰੀ ਓਲੰਪਿਕ ਪੱਧਰ ’ਤੇ ਆਪਣੀ ਸ਼ਾਨਦਾਰ ਪ੍ਰਦਰਸ਼ਨ ਲਈ ਜਾਣੇ ਜਾਂਦੇ ਹਨ ਅਤੇ ਕਈ ਤਮਗੇ ਜਿੱਤ ਚੁੱਕੇ ਹਨ।

ਇਹ ਦੋਵੇਂ ਤਜਰਬੇਕਾਰ ਓਲੰਪਿਕ ਚੈਂਪੀਅਨ ਆਪਣੀਆਂ ਚੌਥੀਆਂ ਵਿੰਟਰ ਓਲੰਪਿਕ ਖੇਡਾਂ ਵਿੱਚ ਭਾਗ ਲੈ ਰਹੇ ਹਨ। ਦਿਲਚਸਪ ਤੱਥ ਇਹ ਹੈ ਕਿ ਦੋਹਾਂ ਦੀ ਉਮਰ 33 ਸਾਲ ਹੈ ਅਤੇ ਉਹ ਅਜੇ ਵੀ ਉੱਚ ਪੱਧਰੀ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹਨ।

ਵਿੰਟਰ ਓਲੰਪਿਕਸ 2026 ਲਈ ਕੈਨੇਡਾ ਵੱਲੋਂ ਕੁੱਲ 206 ਖਿਡਾਰੀ ਭਾਗ ਲੈ ਰਹੇ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਖਿਡਾਰੀ ਪਹਿਲੀ ਵਾਰ ਓਲੰਪਿਕ ਮੰਚ ’ਤੇ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ। ਇਸ ਨਾਲ ਕੈਨੇਡੀਅਨ ਟੀਮ ਵਿੱਚ ਨਵਾਂ ਜੋਸ਼ ਅਤੇ ਉਮੀਦਾਂ ਜੁੜੀਆਂ ਹੋਈਆਂ ਹਨ।