ਬਲੂ ਜੇਜ਼ ਦੇ ਦਿੱਗਜ ਕਮੈਂਟੇਟਰ ਬੱਕ ਮਾਰਟੀਨੇਜ਼ ਦਾ ਰਿਟਾਇਰਮੈਂਟ ਐਲਾਨ
ਟੋਰਾਂਟੋ-ਟੋਰਾਂਟੋ ਬਲੂ ਜੇਜ਼ ਦੇ ਪ੍ਰਸ਼ੰਸਕਾਂ ਲਈ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਪ੍ਰਸਿੱਧ ਬੇਸਬਾਲ ਕਮੈਂਟੇਟਰ ਅਤੇ ਬਲੂ ਜੇਜ਼ ਆਇਕਨ ਬੱਕ ਮਾਰਟੀਨੇਜ਼ ਨੇ ਕਮੈਂਟਰੀ ਬੂਥ ਤੋਂ ਰਿਟਾਇਰ ਹੋਣ ਦਾ ਐਲਾਨ ਕਰ ਦਿੱਤਾ ਹੈ। 2026 ਦੇ ਸੀਜ਼ਨ ਦੀ ਸ਼ੁਰੂਆਤ ਨਾਲ ਬਲੂ ਜੇਜ਼ ਦੇ ਮੈਚਾਂ ਦੌਰਾਨ ਹੁਣ ਉਨ੍ਹਾਂ ਦੀ ਆਵਾਜ਼ ਨਹੀਂ ਸੁਣਾਈ ਦੇਵੇਗੀ।
77 ਸਾਲਾ ਮਾਰਟੀਨੇਜ਼ ਨੇ ਜਾਰੀ ਪ੍ਰੈੱਸ ਰਿਲੀਜ਼ ਵਿੱਚ ਕਿਹਾ ਕਿ ਵਰਲਡ ਸੀਰੀਜ਼ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਆਰਲੀਨ ਨਾਲ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕੀਤਾ, ਜਿਸ ਤੋਂ ਬਾਅਦ ਕਮੈਂਟਰੀ ਤੋਂ ਹਟਣ ਦਾ ਫੈਸਲਾ ਲਿਆ ਗਿਆ।
ਮਾਰਟੀਨੇਜ਼ 1981 ਵਿੱਚ ਟਰੇਡ ਰਾਹੀਂ ਬਲੂ ਜੇਜ਼ ਨਾਲ ਜੁੜੇ ਸਨ। ਉਨ੍ਹਾਂ ਨੇ ਛੇ ਸੀਜ਼ਨ ਕੈਚਰ ਵਜੋਂ ਖੇਡਿਆ ਅਤੇ 1986 ਵਿੱਚ 17 ਸਾਲਾਂ ਦੇ ਐਮਐਲਬੀ ਕਰੀਅਰ ਤੋਂ ਬਾਅਦ ਸੰਨਿਆਸ ਲਿਆ। ਬਾਅਦ ਵਿੱਚ ਉਹ ਟੀਵੀ ਪ੍ਰਸਾਰਣ ਨਾਲ ਜੁੜੇ ਅਤੇ ਕਲਰ ਕਮੈਂਟੇਟਰ ਤੇ ਪਲੇ-ਬਾਈ-ਪਲੇ ਐਨਾਊਂਸਰ ਵਜੋਂ ਲੰਬੀ ਸੇਵਾ ਨਿਭਾਈ। 2001-02 ਦੌਰਾਨ ਉਹ ਟੀਮ ਦੇ ਮੈਨੇਜਰ ਵੀ ਰਹੇ।
ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ 4,000 ਤੋਂ ਵੱਧ ਬਲੂ ਜੇਜ਼ ਮੈਚਾਂ ਦੀ ਕਮੈਂਟਰੀ ਕੀਤੀ। 2025 ਵਰਲਡ ਸੀਰੀਜ਼ ਦਾ ਗੇਮ 7 ਉਨ੍ਹਾਂ ਦੀ ਆਖਰੀ ਕਮੈਂਟਰੀ ਸੀ, ਜੋ ਕੈਨੇਡਾ ਵਿੱਚ 2010 ਦੇ ਓਲੰਪਿਕਸ ਤੋਂ ਬਾਅਦ ਸਭ ਤੋਂ ਵੱਧ ਦੇਖਿਆ ਗਿਆ ਅੰਗਰੇਜ਼ੀ ਪ੍ਰਸਾਰਣ ਬਣਿਆ।
ਬਲੂ ਜੇਜ਼ ਦੇ ਪ੍ਰਧਾਨ ਮਾਰਕ ਸ਼ੈਪੀਰੋ ਨੇ ਮਾਰਟੀਨੇਜ਼ ਨੂੰ ਫ੍ਰੈਂਚਾਈਜ਼ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਸ਼ਖਸੀਅਤਾਂ ਵਿੱਚੋਂ ਇੱਕ ਦੱਸਿਆ। 2026 ਵਿੱਚ ਬਲੂ ਜੇਜ਼ ਆਪਣਾ 50ਵਾਂ ਸੀਜ਼ਨ ਮਨਾਉਣ ਜਾ ਰਹੀ ਹੈ।
















