ਝੂਠੇ ਇਸ਼ਤਿਹਾਰ ਮਾਮਲੇ ’ਚ ਕੈਨੇਡੀਅਨ ਟਾਇਰ ’ਤੇ ਲਗਭਗ 13 ਲੱਖ ਡਾਲਰ ਜੁਰਮਾਨਾ
ਕਿਊਬੈਕ-ਕਿਊਬੈਕ ਦੇ ਉਪਭੋਗਤਾ ਸੁਰੱਖਿਆ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਵਿੱਚ ਕੈਨੇਡੀਅਨ ਟਾਇਰ ਨੂੰ ਲਗਭਗ 13 ਲੱਖ ਡਾਲਰ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ। ਕੰਪਨੀ ਨੇ ਝੂਠੇ ਇਸ਼ਤਿਹਾਰਾਂ ਨਾਲ ਸਬੰਧਿਤ 74 ਦੋਸ਼ ਕਬੂਲ ਕਰ ਲਏ, ਜਿਸ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ।
ਕ੍ਰਾਉਨ ਪ੍ਰੋਸਿਕਿਊਟਰ ਜੇਰੋਮ ਦੁਸਾਲਟ ਅਨੁਸਾਰ, ਕੈਨੇਡੀਅਨ ਟਾਇਰ ਨੇ ਸ਼ੁਰੂ ਵਿੱਚ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਬਾਅਦ ਵਿੱਚ ਸਮਝੌਤੇ ਲਈ ਸਹਿਮਤੀ ਜਤਾਈ। ਮਾਂਟਰੀਅਲ ਦੀ ਅਦਾਲਤ ਵਿੱਚ ਜੱਜ ਸਾਈਮਨ ਲਾਵੋਆ ਨੇ ਸਮਝੌਤੇ ਨੂੰ ਮਨਜ਼ੂਰੀ ਦਿੰਦਿਆਂ ਹਰ ਇਕ ਦੋਸ਼ ਲਈ 15,625 ਤੋਂ 18,150 ਡਾਲਰ ਤੱਕ ਜੁਰਮਾਨਾ ਅਤੇ ਅਦਾਲਤੀ ਖਰਚੇ ਲਗਾਏ।
ਇਹ ਮਾਮਲਾ 2021 ਵਿੱਚ ਕਿਊਬੈਕ ਉਪਭੋਗਤਾ ਸੁਰੱਖਿਆ ਦਫ਼ਤਰ ਵੱਲੋਂ ਛੇ ਮਹੀਨੇ ਤੱਕ ਕੀਤੀ ਗਈ ਜਾਂਚ ਤੋਂ ਬਾਅਦ ਸਾਹਮਣੇ ਆਇਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕੰਪਨੀ ਨੇ ਇਸ਼ਤਿਹਾਰਾਂ ਵਿੱਚ “ਆਮ ਕੀਮਤਾਂ” ਨੂੰ ਹਕੀਕਤ ਨਾਲੋਂ ਵੱਧ ਦਰਸਾ ਕੇ ਸੇਲ ਦੌਰਾਨ ਵੱਡੀ ਛੂਟ ਦਾ ਭਰਮ ਪੈਦਾ ਕੀਤਾ।
ਵਿਕਰੀ ਡਾਟਾ ਦੇ ਵਿਸ਼ਲੇਸ਼ਣ ਨਾਲ ਪਤਾ ਲੱਗਿਆ ਕਿ ਸੰਬੰਧਿਤ ਉਤਪਾਦ ਅਕਸਰ ਦਿਖਾਈ ਗਈ ਆਮ ਕੀਮਤ ’ਤੇ ਨਾ ਤਾਂ ਵਿਕੇ ਅਤੇ ਨਾ ਹੀ ਇਸ਼ਤਿਹਾਰਿਤ ਕੀਤੇ ਗਏ। ਜਾਂਚ ਹੇਠ ਸੱਤ ਉਤਪਾਦ ਸਨ, ਜਿਨ੍ਹਾਂ ਵਿੱਚ ਨਾਈਫ ਸੈੱਟ, ਕੁੱਕਵੇਅਰ ਅਤੇ ਡਿਊਵਾਲਟ ਕੋਰਡਲੈਸ ਡ੍ਰਿੱਲ ਸ਼ਾਮਲ ਹਨ।
ਸਮਝੌਤੇ ਅਨੁਸਾਰ, ਕੈਨੇਡੀਅਨ ਟਾਇਰ ਨੂੰ ਪੂਰੀ ਰਕਮ ਅਗਲੇ 12 ਮਹੀਨਿਆਂ ਵਿੱਚ ਅਦਾ ਕਰਨੀ ਹੋਵੇਗੀ।
















