ਅਮਰੀਕਾ ਵਿੱਚ ਗ੍ਰੀਨ ਕਾਰਡ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਲਈ ਸਖ਼ਤ ਨਿਯਮਾਂ ਦੀ ਤਜਵੀਜ਼

The US Department of Labor has proposed stricter rules for employment-based Green Cards. Employers who have laid off American workers in similar roles could face a two-year restriction on filing PERM applications for foreign workers.

ਅਮਰੀਕਾ ਵਿੱਚ ਗ੍ਰੀਨ ਕਾਰਡ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਲਈ ਸਖ਼ਤ ਨਿਯਮਾਂ ਦੀ ਤਜਵੀਜ਼

ਨਵੀਂ ਦਿੱਲੀ-ਅਮਰੀਕਾ ਦੇ ਕਿਰਤ ਵਿਭਾਗ ਨੇ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਪ੍ਰਕਿਰਿਆ ਵਿੱਚ ਵੱਡੇ ਬਦਲਾਅ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। ਇਸ ਤਹਿਤ ਜੇ ਕੋਈ ਕੰਪਨੀ ਅਮਰੀਕੀ ਕਰਮਚਾਰੀਆਂ ਦੀ ਛਾਂਟੀ ਕਰਦੀ ਹੈ ਤਾਂ ਉਸ ਨੂੰ ਅਗਲੇ ਦੋ ਸਾਲਾਂ ਤੱਕ ਉਨ੍ਹਾਂ ਵਰਗੀਆਂ ਨੌਕਰੀਆਂ ਲਈ ਵਿਦੇਸ਼ੀ ਕਾਮਿਆਂ ਦੀ ਗ੍ਰੀਨ ਕਾਰਡ ਅਰਜ਼ੀ ਦਾਖ਼ਲ ਕਰਨ ਤੋਂ ਰੋਕਿਆ ਜਾ ਸਕਦਾ ਹੈ।

16 ਨਵੰਬਰ ਨੂੰ ਐਲਾਨੀ ਇਸ ਤਜਵੀਜ਼ ਦਾ ਮਕਸਦ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ (PERM) ਵਿੱਚ ਸੁਧਾਰ ਕਰਨਾ ਅਤੇ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਇਸ ਪ੍ਰਕਿਰਿਆ ਤਹਿਤ ਕੰਪਨੀਆਂ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਕਿਸੇ ਅਹੁਦੇ ਲਈ ਲੋੜੀਂਦੀ ਯੋਗਤਾ ਵਾਲੇ ਅਮਰੀਕੀ ਕਾਮੇ ਉਪਲਬਧ ਨਹੀਂ ਹਨ। ਇਸ ਤੋਂ ਬਾਅਦ ਹੀ ਉਹ EB-2 ਅਤੇ EB-3 ਸ਼੍ਰੇਣੀਆਂ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਗ੍ਰੀਨ ਕਾਰਡ ਲਈ ਸਪਾਂਸਰ ਕਰ ਸਕਦੀਆਂ ਹਨ।

ਪ੍ਰਸਤਾਵਿਤ ਨਿਯਮਾਂ ਅਨੁਸਾਰ, ਜੇ ਕਿਸੇ ਕੰਪਨੀ ਨੇ ਪਿਛਲੇ ਦੋ ਸਾਲਾਂ ਦੌਰਾਨ ਕਿਸੇ ਖ਼ਾਸ ਕੰਮ ਵਾਲੀ ਥਾਂ ’ਤੇ ਉਸੇ ਜਾਂ ਮਿਲਦੇ-ਜੁਲਦੇ ਅਹੁਦਿਆਂ ’ਤੇ ਅਮਰੀਕੀ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ ਤਾਂ ਉਹ ਉਨ੍ਹਾਂ ਅਹੁਦਿਆਂ ਲਈ PERM ਅਰਜ਼ੀ ਦਾਖ਼ਲ ਨਹੀਂ ਕਰ ਸਕੇਗੀ। ਇਸ ਤੋਂ ਇਲਾਵਾ ਕੰਪਨੀਆਂ ਨੂੰ ਗ੍ਰੀਨ ਕਾਰਡ ਦੀ ਅਰਜ਼ੀ ਅਤੇ ਉਸ ਨਾਲ ਜੁੜੀ ਇਮੀਗ੍ਰੇਸ਼ਨ ਪਟੀਸ਼ਨ ਦੀ ਪ੍ਰਕਿਰਿਆ ਜਾਰੀ ਰਹਿਣ ਦੌਰਾਨ ਵੀ ਛਾਂਟੀ ਕੀਤੇ ਗਏ ਯੋਗ ਅਮਰੀਕੀ ਕਾਮਿਆਂ ’ਤੇ ਵਿਚਾਰ ਕਰਨਾ ਪਵੇਗਾ।

ਤਜਵੀਜ਼ ਵਿੱਚ ਨਰਸਾਂ, ਫਿਜ਼ੀਕਲ ਥੈਰੇਪਿਸਟਾਂ ਅਤੇ ਵਿਗਿਆਨ, ਕਲਾ ਜਾਂ ਪ੍ਰਦਰਸ਼ਨੀ ਕਲਾਵਾਂ ਵਿੱਚ ਵਿਸ਼ੇਸ਼ ਯੋਗਤਾ ਰੱਖਣ ਵਾਲੇ ਵਿਅਕਤੀਆਂ ਲਈ ਮੌਜੂਦਾ ਛੋਟਾਂ ਖ਼ਤਮ ਕਰਨ ਦੀ ਗੱਲ ਵੀ ਸ਼ਾਮਲ ਹੈ। ਇਸ ਵੇਲੇ ਇਹ ਕਿੱਤੇ ‘ਸ਼ਡਿਊਲ ਏ’ ਸੂਚੀ ਵਿੱਚ ਆਉਂਦੇ ਹਨ, ਜਿਸ ਕਾਰਨ ਇਨ੍ਹਾਂ ਲਈ ਆਮ PERM ਲੇਬਰ ਮਾਰਕੀਟ ਜਾਂਚ ਤੋਂ ਛੋਟ ਮਿਲਦੀ ਹੈ। ਨਵੇਂ ਨਿਯਮ ਲਾਗੂ ਹੋਣ ’ਤੇ ਇਨ੍ਹਾਂ ਖੇਤਰਾਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਨੂੰ ਵੀ ਇਹ ਸਾਬਤ ਕਰਨਾ ਪਵੇਗਾ ਕਿ ਯੋਗ ਅਮਰੀਕੀ ਕਾਮੇ ਉਪਲਬਧ ਨਹੀਂ ਹਨ।

ਭਰਤੀ ਪ੍ਰਕਿਰਿਆ ਵਿੱਚ ਵੀ ਤਬਦੀਲੀਆਂ ਦੀ ਤਜਵੀਜ਼ ਹੈ। ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣ ਦੀ ਲਾਜ਼ਮੀ ਸ਼ਰਤ ਦੀ ਥਾਂ ਕੰਪਨੀਆਂ ਦੀਆਂ ਵੈੱਬਸਾਈਟਾਂ, ਨੌਕਰੀ ਲੱਭਣ ਵਾਲੇ ਆਨਲਾਈਨ ਮੰਚਾਂ ਅਤੇ ਸੋਸ਼ਲ ਮੀਡੀਆ ਰਾਹੀਂ ਭਰਤੀ ਦੇ ਇਸ਼ਤਿਹਾਰ ਦੇਣ ਦੀ ਇਜਾਜ਼ਤ ਹੋਵੇਗੀ। ਨੌਕਰੀ ਦੇ ਇਸ਼ਤਿਹਾਰ ਘੱਟੋ-ਘੱਟ 90 ਦਿਨਾਂ ਤੱਕ ਸਰਗਰਮ ਰੱਖਣੇ ਪੈਣਗੇ, ਤਾਂ ਜੋ ਅਮਰੀਕੀ ਕਾਮਿਆਂ ਨੂੰ ਅਰਜ਼ੀ ਦੇਣ ਲਈ ਵਧੇਰੇ ਸਮਾਂ ਮਿਲ ਸਕੇ।

ਇਹ ਤਬਦੀਲੀਆਂ ਹਾਲੇ ਅੰਤਿਮ ਨਹੀਂ ਹਨ। ਕਿਰਤ ਵਿਭਾਗ ਨੇ ਪ੍ਰਸਤਾਵ ’ਤੇ ਲੋਕਾਂ ਤੋਂ ਸੁਝਾਅ ਅਤੇ ਇਤਰਾਜ਼ ਮੰਗੇ ਹਨ। ਫੈਡਰਲ ਰਜਿਸਟਰ ਵਿੱਚ ਪ੍ਰਕਾਸ਼ਨ ਤੋਂ ਬਾਅਦ 60 ਦਿਨਾਂ ਤੱਕ ਲੋਕ ਆਪਣੀਆਂ ਟਿੱਪਣੀਆਂ ਭੇਜ ਸਕਣਗੇ।