ਅਲਬਰਟਾ ਵਿੱਚ ਹਾਈ ਸਕੂਲ ਗ੍ਰੈਜੂਏਸ਼ਨ ਦੇ ਨਵੇਂ ਨਿਯਮਾਂ ’ਤੇ ਉੱਠੇ ਸਵਾਲ
ਕੈਲਗਰੀ-ਅਲਬਰਟਾ ਸਰਕਾਰ ਵੱਲੋਂ 13 ਨਵੰਬਰ ਨੂੰ ਹਾਈ ਸਕੂਲ ਗ੍ਰੈਜੂਏਸ਼ਨ ਲਈ ਜਾਰੀ ਕੀਤੀਆਂ ਨਵੀਆਂ ਸ਼ਰਤਾਂ ਨੂੰ ਲੈ ਕੇ ਸਿੱਖਿਆ ਮਾਹਿਰਾਂ ਅਤੇ ਅਧਿਆਪਕ ਜਥੇਬੰਦੀਆਂ ਨੇ ਚਿੰਤਾ ਪ੍ਰਗਟਾਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅੰਗਰੇਜ਼ੀ, ਸਮਾਜਿਕ ਸਿੱਖਿਆ, ਗਣਿਤ ਅਤੇ ਵਿਗਿਆਨ ਵਰਗੇ ਲਾਜ਼ਮੀ ਵਿਸ਼ਿਆਂ ਦੇ ਕ੍ਰੈਡਿਟ ਘਟਾਉਣ ਨਾਲ ਵਿਦਿਆਰਥੀਆਂ ਦੀ ਅਕਾਦਮਿਕ ਯੋਗਤਾ ਅਤੇ ਭਵਿੱਖ ਵਿੱਚ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਲੈਣ ਦੀਆਂ ਸੰਭਾਵਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਨਵੇਂ ਨਿਯਮਾਂ ਅਨੁਸਾਰ 2029 ਅਤੇ 2030 ਵਿੱਚ ਕ੍ਰਮਵਾਰ ਗ੍ਰੇਡ 11 ਅਤੇ ਗ੍ਰੇਡ 12 ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪਹਿਲਾਂ ਦੇ ਮੁਕਾਬਲੇ ਮੁੱਖ ਅਕਾਦਮਿਕ ਵਿਸ਼ਿਆਂ ਦੇ ਲਗਭਗ ਅੱਧੇ ਲਾਜ਼ਮੀ ਕੋਰਸ ਹੀ ਪੂਰੇ ਕਰਨੇ ਪੈਣਗੇ। ਸਰਕਾਰ ਨੇ ਅੰਗਰੇਜ਼ੀ ਭਾਸ਼ਾ ਕਲਾ, ਸਮਾਜਿਕ ਸਿੱਖਿਆ, ਗਣਿਤ ਅਤੇ ਵਿਗਿਆਨ ਦੇ ਲਾਜ਼ਮੀ ਕ੍ਰੈਡਿਟਾਂ ਵਿੱਚ 15 ਕ੍ਰੈਡਿਟਾਂ ਦੀ ਕਟੌਤੀ ਕੀਤੀ ਹੈ, ਜਿਸ ਨਾਲ ਗ੍ਰੇਡ 11 ਅਤੇ 12 ਦੇ ਪੱਧਰ ’ਤੇ ਤਿੰਨ ਮੁੱਖ ਕੋਰਸ ਘੱਟ ਹੋ ਜਾਣਗੇ।
ਇਸ ਦੇ ਨਾਲ ਹੀ ਤਿੰਨਾਂ ਸਾਲਾਂ ਲਈ ਸਰੀਰਕ ਸਿੱਖਿਆ ਨਾਲ ਸਬੰਧਤ ਨਵੇਂ ਲਾਜ਼ਮੀ ਕੋਰਸ ਸ਼ਾਮਲ ਕੀਤੇ ਜਾਣਗੇ। ਵਿਦਿਆਰਥੀ ਚਾਹੁਣ ਤਾਂ ਘੱਟੋ-ਘੱਟ ਲੋੜ ਤੋਂ ਵੱਧ ਮੁੱਖ ਵਿਸ਼ਿਆਂ ਦੀ ਪੜ੍ਹਾਈ ਵੀ ਕਰ ਸਕਣਗੇ। ਜਿਹੜੇ ਵਿਦਿਆਰਥੀ ਯੂਨੀਵਰਸਿਟੀ ਜਾਣ ਦੀ ਯੋਜਨਾ ਨਹੀਂ ਰੱਖਦੇ, ਉਹ ਚੋਣਵੇਂ ਵਿਸ਼ਿਆਂ ਰਾਹੀਂ ਆਪਣੇ 100 ਕ੍ਰੈਡਿਟ ਪੂਰੇ ਕਰ ਸਕਣਗੇ, ਪਰ ਉਨ੍ਹਾਂ ਲਈ ਘੱਟੋ-ਘੱਟ ਇੱਕ 30-ਪੱਧਰੀ ਡਿਪਲੋਮਾ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਵੇਗੀ।
ਸਿੱਖਿਆ ਮੰਤਰੀ ਡਿਮੇਟਰੀਓਸ ਨਿਕੋਲਾਇਡਸ ਨੇ ਕਿਹਾ ਕਿ ਪਿਛਲੇ 30 ਸਾਲਾਂ ਦੌਰਾਨ ਦੁਨੀਆ ਵਿੱਚ ਕਾਫ਼ੀ ਬਦਲਾਅ ਆਏ ਹਨ ਅਤੇ ਗ੍ਰੈਜੂਏਸ਼ਨ ਦੀਆਂ ਸ਼ਰਤਾਂ ਨੂੰ ਵੀ ਸਮੇਂ ਦੇ ਅਨੁਸਾਰ ਬਦਲਣ ਦੀ ਲੋੜ ਹੈ। ਉਨ੍ਹਾਂ ਅਨੁਸਾਰ ਨਵੇਂ ਨਿਯਮ ਵਿਦਿਆਰਥੀਆਂ ਨੂੰ ਆਪਣੀ ਦਿਲਚਸਪੀ ਦੇ ਖੇਤਰ ਚੁਣਨ, ਵਿਹਾਰਕ ਹੁਨਰ ਵਿਕਸਿਤ ਕਰਨ ਅਤੇ ਕਰੀਅਰ ਲਈ ਆਪਣਾ ਰਸਤਾ ਤੈਅ ਕਰਨ ਵਿੱਚ ਵਧੇਰੇ ਆਜ਼ਾਦੀ ਦੇਣਗੇ।
ਹਾਲਾਂਕਿ ਯੂਨੀਵਰਸਿਟੀ ਆਫ ਅਲਬਰਟਾ ਦੀ ਫੈਕਲਟੀ ਆਫ ਐਜੂਕੇਸ਼ਨ ਦੀ ਡੀਨ ਜੈਨੀਫਰ ਟੱਪਰ ਨੇ ਇਨ੍ਹਾਂ ਤਬਦੀਲੀਆਂ ਦੇ ਸੰਭਾਵੀ ਨਤੀਜਿਆਂ ਬਾਰੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਮੁੱਖ ਅਕਾਦਮਿਕ ਵਿਸ਼ਿਆਂ ਦੀ ਲਾਜ਼ਮੀ ਪੜ੍ਹਾਈ ਘਟਾਉਣ ਨਾਲ ਪਹਿਲਾਂ ਹੀ ਪੜ੍ਹਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੀ ਪੜ੍ਹਨ, ਲਿਖਣ ਅਤੇ ਗਣਿਤ ਦੀ ਯੋਗਤਾ ਹੋਰ ਪ੍ਰਭਾਵਿਤ ਹੋ ਸਕਦੀ ਹੈ।
ਉਨ੍ਹਾਂ 2025 ਦੀ ਅੰਤਰਰਾਸ਼ਟਰੀ ਵਿਦਿਆਰਥੀ ਮੁਲਾਂਕਣ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਅਲਬਰਟਾ ਦੇ ਵਿਦਿਆਰਥੀਆਂ ਨੇ ਵਿਗਿਆਨ ਅਤੇ ਪੜ੍ਹਨ ਦੇ ਖੇਤਰ ਵਿੱਚ ਕੈਨੇਡਾ ਭਰ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਸੀ, ਜਦਕਿ ਗਣਿਤ ਵਿੱਚ ਉਹ ਦੂਜੇ ਸਥਾਨ ’ਤੇ ਰਹੇ। ਇਸ ਦੇ ਬਾਵਜੂਦ ਕੈਨੇਡਾ ਵਿੱਚ ਪੜ੍ਹਨ ਦੇ ਅੰਕ ਸਾਲ 2022 ਤੋਂ 17 ਅੰਕ ਘਟੇ ਹਨ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ।
ਕੈਲਗਰੀ ਬੋਰਡ ਆਫ ਐਜੂਕੇਸ਼ਨ ਦੀ 2024-25 ਦੀ ਸਾਲਾਨਾ ਰਿਪੋਰਟ ਵਿੱਚ ਵੀ ਗ੍ਰੇਡ 9 ਦੇ ਅੰਗਰੇਜ਼ੀ ਵਿਸ਼ੇ ਦੇ ਨਤੀਜਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਗ੍ਰੇਡ 12 ਦੇ ਅੰਗਰੇਜ਼ੀ ਅਤੇ ਗਣਿਤ ਦੇ ਡਿਪਲੋਮਾ ਇਮਤਿਹਾਨਾਂ ਵਿੱਚ ਬਹੁਤੇ ਨਤੀਜੇ ਉੱਚਤਮ ਮਿਆਰ ਤੋਂ ਹੇਠਾਂ ਰਹੇ।
ਜੈਨੀਫਰ ਟੱਪਰ ਅਨੁਸਾਰ ਪੜ੍ਹਨ, ਲਿਖਣ ਅਤੇ ਗਣਿਤ ਦੀ ਯੋਗਤਾ ਸਿਰਫ਼ ਮੁੱਢਲੀਆਂ ਜਮਾਤਾਂ ਵਿੱਚ ਹੀ ਵਿਕਸਿਤ ਨਹੀਂ ਹੁੰਦੀ, ਸਗੋਂ ਉੱਚ ਜਮਾਤਾਂ ਵਿੱਚ ਲਗਾਤਾਰ ਅਭਿਆਸ ਅਤੇ ਪੜ੍ਹਾਈ ਨਾਲ ਇਹ ਹੋਰ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਸਿੱਖਿਆ ਵਰਗੇ ਵਿਸ਼ੇ ਵਿਦਿਆਰਥੀਆਂ ਨੂੰ ਇਤਿਹਾਸ, ਸਮਾਜਿਕ ਪ੍ਰਣਾਲੀਆਂ, ਵੱਖ-ਵੱਖ ਵਿਚਾਰਾਂ ਦਾ ਮੁਲਾਂਕਣ ਕਰਨ ਅਤੇ ਲੋਕਤੰਤਰ ਵਿੱਚ ਆਪਣੀ ਭੂਮਿਕਾ ਸਮਝਣ ਵਿੱਚ ਵੀ ਮਦਦ ਕਰਦੇ ਹਨ।
ਇਸ ਤਬਦੀਲੀ ਦਾ ਇੱਕ ਹੋਰ ਅਹਿਮ ਪੱਖ ਯੂਨੀਵਰਸਿਟੀ ਦਾਖ਼ਲਿਆਂ ਨਾਲ ਜੁੜਿਆ ਹੋਇਆ ਹੈ। ਅਲਬਰਟਾ ਅਤੇ ਕੈਨੇਡਾ ਦੀਆਂ ਜ਼ਿਆਦਾਤਰ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਗ੍ਰੇਡ 12 ਦੇ ਘੱਟੋ-ਘੱਟ ਤਿੰਨ ਮੁੱਖ ਵਿਸ਼ਿਆਂ ਦੀ ਲੋੜ ਹੁੰਦੀ ਹੈ। ਲਗਭਗ ਸਾਰੇ ਪ੍ਰੋਗਰਾਮਾਂ ਲਈ ਅੰਗਰੇਜ਼ੀ 30-1 ਲਾਜ਼ਮੀ ਹੈ। ਇਸ ਤੋਂ ਇਲਾਵਾ ਕੋਰਸ ਅਨੁਸਾਰ ਗਣਿਤ, ਵਿਗਿਆਨ ਅਤੇ ਸਮਾਜਿਕ ਸਿੱਖਿਆ ਦੀ ਵੀ ਲੋੜ ਪੈ ਸਕਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਦਿਆਰਥੀ ਹਾਈ ਸਕੂਲ ਦੌਰਾਨ ਕੁਝ ਮੁੱਖ ਵਿਸ਼ਿਆਂ ਦੀ ਪੜ੍ਹਾਈ ਨਹੀਂ ਕਰਦਾ ਅਤੇ ਬਾਅਦ ਵਿੱਚ ਯੂਨੀਵਰਸਿਟੀ ਜਾਣ ਦਾ ਫ਼ੈਸਲਾ ਕਰਦਾ ਹੈ, ਤਾਂ ਉਸ ਨੂੰ ਦੋ ਤੋਂ ਚਾਰ ਵਾਧੂ ਵਿਸ਼ਿਆਂ ਦੀ ਪੜ੍ਹਾਈ ਦੁਬਾਰਾ ਕਰਨੀ ਪੈ ਸਕਦੀ ਹੈ।
ਅਲਬਰਟਾ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜੇਸਨ ਸ਼ਿਲਿੰਗ ਨੇ ਵੀ ਨਵੇਂ ਨਿਯਮਾਂ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਲਾਜ਼ਮੀ ਵਿਸ਼ਿਆਂ ਨੂੰ ਘਟਾਉਣ ਨਾਲ ਵਿਦਿਆਰਥੀ ਭਵਿੱਖ ਦੀਆਂ ਚੁਣੌਤੀਆਂ ਅਤੇ ਮੌਕਿਆਂ ਲਈ ਘੱਟ ਤਿਆਰ ਹੋ ਸਕਦੇ ਹਨ। ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਨਵੀਂ ਨੀਤੀ ਤਿਆਰ ਕਰਨ ਸਮੇਂ ਕਿਹੜੀਆਂ ਧਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ, ਇਸ ਬਾਰੇ ਜਾਣਕਾਰੀ ਜਨਤਕ ਕੀਤੀ ਜਾਵੇ ਅਤੇ ਅਧਿਆਪਕਾਂ ਤੇ ਸਿੱਖਿਆ ਖੇਤਰ ਨਾਲ ਜੁੜੀਆਂ ਜਥੇਬੰਦੀਆਂ ਨੂੰ ਇਸ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇ।














