ਅਲਬਰਟਾ ’ਚ ਏਆਈ ਡਾਟਾ ਸੈਂਟਰਾਂ ਬਾਰੇ ਦੂਜੀ ਟਾਊਨ ਹਾਲ ਮੀਟਿੰਗ
ਸਟੁਰਜਨ ਕਾਊਂਟੀ: ਅਲਬਰਟਾ ਸਰਕਾਰ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਡਾਟਾ ਸੈਂਟਰਾਂ ਦੀ ਯੋਜਨਾ ਨੂੰ ਲੈ ਕੇ ਦੂਜੀ ਟਾਊਨ ਹਾਲ ਮੀਟਿੰਗ ਰੈੱਡਵਾਟਰ ਵਿੱਚ ਕਰਵਾਈ ਗਈ। ਮੀਟਿੰਗ ਦੀ ਮੇਜ਼ਬਾਨੀ ਟੈਕਨਾਲੋਜੀ ਮੰਤਰੀ ਨੇਟ ਗਲੂਬਿਸ਼ ਨੇ ਕੀਤੀ।ਇਹ ਇਲਾਕਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇੱਥੇ ਤਕਨੀਕੀ ਕੰਪਨੀ ਮੈਟਾ ਵੱਲੋਂ ਲਗਭਗ 13 ਅਰਬ ਡਾਲਰ ਦਾ ਏਆਈ ਡਾਟਾ ਸੈਂਟਰ ਪ੍ਰਾਜੈਕਟ ਲਗਾਉਣ ਦੀ ਯੋਜਨਾ ਹੈ।
ਸਥਾਨਕ ਲੋਕਾਂ ਵੱਲੋਂ ਡਾਟਾ ਸੈਂਟਰਾਂ ਕਾਰਨ ਪਾਣੀ ਦੀ ਵਰਤੋਂ, ਵਾਤਾਵਰਣ ਅਤੇ ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਲੈਕੌਂਬ ਵਿੱਚ ਹੋਈ ਮੀਟਿੰਗ ਦੌਰਾਨ ਵੀ ਮੰਤਰੀ ਨੂੰ ਵਿਰੋਧ ਅਤੇ ਨਾਅਰੇਬਾਜ਼ੀ ਦਾ ਸਾਹਮਣਾ ਕਰਨਾ ਪਿਆ ਸੀ।ਗਲੂਬਿਸ਼ ਨੇ ਕਿਹਾ ਕਿ ਸਰਕਾਰ ਨੇ ਸਥਾਨਕ ਪਾਣੀ ਦੇ ਸਰੋਤਾਂ ਦੀ ਸੁਰੱਖਿਆ ਅਤੇ ਬਿਜਲੀ ਦੇ ਬਿੱਲਾਂ ਨੂੰ ਕਾਬੂ ਵਿੱਚ ਰੱਖਣ ਲਈ ਸਖ਼ਤ ਨਿਯਮ ਤਿਆਰ ਕੀਤੇ ਹਨ।ਪ੍ਰੀਮੀਅਰ ਡੈਨੀਅਲ ਸਮਿਥ 27 ਅਗਸਤ ਨੂੰ ਗਲੂਬਿਸ਼ ਨਾਲ ਇੱਕ ਵਰਚੁਅਲ ਟਾਊਨ ਹਾਲ ਵਿੱਚ ਸ਼ਾਮਲ ਹੋਣਗੇ, ਜਦਕਿ ਅਗਲੇ ਮਹੀਨੇ ਗ੍ਰੈਂਡ ਪ੍ਰੇਰੀ ਵਿੱਚ ਇੱਕ ਹੋਰ ਸਿੱਧੀ ਮੀਟਿੰਗ ਹੋਵੇਗੀ।
















