ਸਾਈਬਰ ਹਮਲੇ ਦਾ ਸ਼ਿਕਾਰ ਬ੍ਰੈਗ ਕ੍ਰੀਕ ਕਮਿਊਨਿਟੀ ਐਸੋਸੀਏਸ਼ਨ ਨੇ ਇਕੱਠੇ ਕੀਤੇ 1 ਲੱਖ ਡਾਲਰ

The Bragg Creek Community Association near Calgary has raised $100,000 following a cyberattack on November 5 that drained all three of its bank accounts. The fundraising target was initially $50,000.

ਸਾਈਬਰ ਹਮਲੇ ਦਾ ਸ਼ਿਕਾਰ ਬ੍ਰੈਗ ਕ੍ਰੀਕ ਕਮਿਊਨਿਟੀ ਐਸੋਸੀਏਸ਼ਨ ਨੇ ਇਕੱਠੇ ਕੀਤੇ 1 ਲੱਖ ਡਾਲਰ

ਕੈਲਗਰੀ-ਕੈਲਗਰੀ ਨੇੜੇ ਸਥਿਤ ਬ੍ਰੈਗ ਕ੍ਰੀਕ ਕਮਿਊਨਿਟੀ ਐਸੋਸੀਏਸ਼ਨ ਨੇ ਸਾਈਬਰ ਹਮਲੇ ਕਾਰਨ ਹੋਏ ਵਿੱਤੀ ਨੁਕਸਾਨ ਤੋਂ ਉਭਰਨ ਲਈ ਲੋਕਾਂ ਦੀ ਮਦਦ ਨਾਲ 1 ਲੱਖ ਡਾਲਰ ਇਕੱਠੇ ਕਰ ਲਏ ਹਨ। ਹਾਲਾਂਕਿ ਸੰਸਥਾ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਮੁੜ ਪੈਰਾਂ ’ਤੇ ਖੜ੍ਹੇ ਹੋਣ ਲਈ ਅਜੇ ਲੰਮਾ ਰਸਤਾ ਤੈਅ ਕਰਨਾ ਬਾਕੀ ਹੈ।

ਸੰਸਥਾ ’ਤੇ 5 ਨਵੰਬਰ ਨੂੰ ਸਾਈਬਰ ਹਮਲਾ ਹੋਇਆ ਸੀ, ਜਿਸ ਦੌਰਾਨ ਉਸ ਦੇ ਤਿੰਨੋਂ ਬੈਂਕ ਖਾਤਿਆਂ ਵਿੱਚੋਂ ਪੈਸੇ ਕੱਢ ਲਏ ਗਏ ਸਨ। ਇਸ ਤੋਂ ਬਾਅਦ ਸੰਸਥਾ ਨੇ ਆਪਣਾ ਕੰਮਕਾਜ ਜਾਰੀ ਰੱਖਣ ਲਈ 50 ਹਜ਼ਾਰ ਡਾਲਰ ਇਕੱਠੇ ਕਰਨ ਦਾ ਟੀਚਾ ਰੱਖਿਆ ਸੀ, ਪਰ ਭਾਈਚਾਰੇ ਦੇ ਲੋਕਾਂ ਦੇ ਸਹਿਯੋਗ ਨਾਲ ਇਹ ਰਕਮ ਦੁੱਗਣੀ ਹੋ ਗਈ।

ਸੰਸਥਾ ਦੀ ਪ੍ਰਧਾਨ ਟੈਰੀ-ਲਿਨ ਡੂਕ ਨੇ ਕਿਹਾ ਕਿ ਭਾਵੇਂ ਇਸ ਘਟਨਾ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਪਰ ਉਹ ਹੌਸਲੇ ਨਾਲ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ ਨਕਦੀ, ਚੈੱਕ ਅਤੇ ਆਨਲਾਈਨ ਦਾਨ ਰਾਹੀਂ ਮਦਦ ਕੀਤੀ ਹੈ।

ਇਸ ਤੋਂ ਇਲਾਵਾ ਰੌਕੀ ਵਿਊ ਕਾਊਂਟੀ ਕੌਂਸਲ ਨੇ ਸਰਬਸੰਮਤੀ ਨਾਲ ਸੰਸਥਾ ਨੂੰ ਅਗਲੇ ਸਾਲ ਦੀ ਸੰਚਾਲਨ ਗ੍ਰਾਂਟ ਦਾ ਕੁਝ ਹਿੱਸਾ ਇਸੇ ਸਾਲ ਜਾਰੀ ਕਰਨ ਦੀ ਮੰਗ ਦਾ ਸਮਰਥਨ ਕੀਤਾ ਹੈ।

ਇਹ ਸੰਸਥਾ ਇੱਕ ਕਮਿਊਨਿਟੀ ਸੈਂਟਰ ਚਲਾਉਂਦੀ ਹੈ, ਜਿੱਥੇ ਡੇਅਕੇਅਰ, ਪ੍ਰੀ-ਸਕੂਲ, ਚਰਚ, ਲਾਇਬ੍ਰੇਰੀ, ਫੂਡ ਬੈਂਕ ਅਤੇ ਕਾਊਂਸਲਿੰਗ ਸੇਵਾਵਾਂ ਉਪਲਬਧ ਹਨ। ਸੰਸਥਾ ਅਨੁਸਾਰ ਸਾਈਬਰ ਚੋਰੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਅਜੇ ਵੀ ਲੱਖਾਂ ਡਾਲਰ ਦੀ ਲੋੜ ਹੈ।

ਇਕੱਠੀ ਕੀਤੀ ਗਈ ਰਕਮ ਵਿੱਚੋਂ ਕੁਝ ਪੈਸਾ ਕਾਨੂੰਨੀ ਸਲਾਹ ਲੈਣ ਅਤੇ ਗੁਆਏ ਹੋਏ ਫੰਡ ਵਾਪਸ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਵਰਤਿਆ ਜਾਵੇਗਾ। ਇਸ ਦੇ ਨਾਲ ਹੀ ਸੰਸਥਾ ਸੂਬਾਈ ਅਤੇ ਸਥਾਨਕ ਸਰਕਾਰਾਂ ਤੋਂ ਰਾਹਤ ਫੰਡ, ਗ੍ਰਾਂਟਾਂ ਅਤੇ ਕੰਪਨੀਆਂ ਨਾਲ ਲੰਬੇ ਸਮੇਂ ਦੀ ਸਾਂਝੇਦਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।