ਕੈਲਗਰੀ ਦੇ ਸੰਸਦ ਮੈਂਬਰ ਪੈਟ ਕੈਲੀ ਨੇ ਸੰਸਦ ਵਿੱਚ ਮਰਹੂਮ ਖੇਡ ਪੱਤਰਕਾਰ ਕੇਨ ਨਿਊਅਨਜ਼ ਨੂੰ ਦਿੱਤੀ ਸ਼ਰਧਾਂਜਲੀ

Calgary-Crowfoot MP Pat Kelly paid tribute to legendary sportscaster Ken Newans in the House of Commons during Question Period on November 18, 2026.

ਕੈਲਗਰੀ ਦੇ ਸੰਸਦ ਮੈਂਬਰ ਪੈਟ ਕੈਲੀ ਨੇ ਸੰਸਦ ਵਿੱਚ ਮਰਹੂਮ ਖੇਡ ਪੱਤਰਕਾਰ ਕੇਨ ਨਿਊਅਨਜ਼ ਨੂੰ ਦਿੱਤੀ ਸ਼ਰਧਾਂਜਲੀ

ਕੈਲਗਰੀ-ਕੈਨੇਡਾ ਦੇ ਪ੍ਰਸਿੱਧ ਖੇਡ ਪ੍ਰਸਾਰਕ ਅਤੇ ਸੀਟੀਵੀ ਕੈਲਗਰੀ ਦੇ ਸਾਬਕਾ ਸਪੋਰਟਸ ਡਾਇਰੈਕਟਰ ਕੇਨ ਨਿਊਅਨਜ਼ ਦੇ ਦੇਹਾਂਤ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਕੈਲਗਰੀ-ਕਰੌਫੁੱਟ ਤੋਂ ਸੰਸਦ ਮੈਂਬਰ ਪੈਟ ਕੈਲੀ ਨੇ ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।

ਪੈਟ ਕੈਲੀ ਨੇ ਸੰਸਦ ਵਿੱਚ ਕਿਹਾ ਕਿ ਪਿਛਲੇ ਐਤਵਾਰ ਗ੍ਰੇਅ ਕੱਪ ਦੇ ਮੌਕੇ ਕੈਲਗਰੀ ਨੇ ਖੇਡ ਪ੍ਰਸਾਰਣ ਜਗਤ ਦੀ ਇੱਕ ਮਹਾਨ ਸ਼ਖ਼ਸੀਅਤ ਗੁਆ ਦਿੱਤੀ ਹੈ। ਕੇਨ ਨਿਊਅਨਜ਼ ਦਾ ਬੀਤੇ ਸ਼ਨੀਵਾਰ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।

ਕੇਨ ਨਿਊਅਨਜ਼ ਨੇ ਆਪਣੇ ਪ੍ਰਸਾਰਣ ਕਰੀਅਰ ਦੀ ਸ਼ੁਰੂਆਤ ਸਸਕੈਚਵਨ ਦੇ ਸ਼ਹਿਰ ਮੂਜ਼ ਜਾਅ ਤੋਂ ਕੀਤੀ ਸੀ। ਸਾਲ 1968 ਵਿੱਚ ਉਹ ਕੈਲਗਰੀ ਆ ਗਏ ਅਤੇ ਸੀਐੱਫਸੀਐੱਨ ਟੈਲੀਵਿਜ਼ਨ ਤੇ ਰੇਡੀਓ ਦੀ ਖੇਡ ਟੀਮ ਨਾਲ ਜੁੜ ਗਏ। ਬਾਅਦ ਵਿੱਚ ਉਨ੍ਹਾਂ ਨੂੰ ਸਪੋਰਟਸ ਡਾਇਰੈਕਟਰ ਦੀ ਜ਼ਿੰਮੇਵਾਰੀ ਸੌਂਪੀ ਗਈ, ਜਿਸ ਨੂੰ ਉਨ੍ਹਾਂ ਨੇ 1996 ਵਿੱਚ ਸੇਵਾਮੁਕਤ ਹੋਣ ਤੱਕ ਨਿਭਾਇਆ।

ਉਹ ਲਗਾਤਾਰ 12 ਸੀਜ਼ਨਾਂ ਤੱਕ ਕੈਲਗਰੀ ਸਟੈਂਪੀਡਰਜ਼ ਦੀਆਂ ਖੇਡਾਂ ਦੀ ਆਵਾਜ਼ ਬਣੇ ਰਹੇ। ਉਨ੍ਹਾਂ ਨੇ 30 ਗ੍ਰੇਅ ਕੱਪ ਮੁਕਾਬਲਿਆਂ ਦੀ ਕਵਰੇਜ ਕੀਤੀ ਅਤੇ ਸਾਲ 1991 ਵਿੱਚ ਕੈਨੇਡੀਅਨ ਫੁੱਟਬਾਲ ਹਾਲ ਆਫ ਫੇਮ ਵਿੱਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਕੀਤਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਸੱਤ ਓਲੰਪਿਕ ਖੇਡਾਂ ਦੀ ਕਵਰੇਜ ਕੀਤੀ। ਸੰਸਦ ਮੈਂਬਰ ਪੈਟ ਕੈਲੀ ਅਨੁਸਾਰ, ਕੇਨ ਨਿਊਅਨਜ਼ ਨੇ ਸਾਲ 1988 ਦੀਆਂ ਕੈਲਗਰੀ ਓਲੰਪਿਕ ਖੇਡਾਂ ਨੂੰ ਆਪਣੇ ਕਰੀਅਰ ਦਾ ਸਭ ਤੋਂ ਯਾਦਗਾਰ ਸਮਾਂ ਦੱਸਿਆ ਸੀ।

ਪੈਟ ਕੈਲੀ ਨੇ ਕਿਹਾ ਕਿ ਕੇਨ ਨਿਊਅਨਜ਼ ਦੀ ਕਮੀ ਕੈਲਗਰੀ ਦੇ ਖੇਡ ਅਤੇ ਪ੍ਰਸਾਰਣ ਖੇਤਰ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਉਨ੍ਹਾਂ ਨੇ ਮਰਹੂਮ ਸ਼ਖ਼ਸੀਅਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।