ਅਲਬਰਟਾ ਸਰਕਾਰ ਪਰਿਵਾਰਾਂ ਲਈ ਸਹਾਇਤਾ ਵਾਸਤੇ 3.2 ਮਿਲੀਅਨ ਡਾਲਰ ਕਰੇਗੀ ਨਿਵੇਸ਼

ਅਲਬਰਟਾ ਸਰਕਾਰ ਪਰਿਵਾਰਾਂ ਲਈ ਸਹਾਇਤਾ ਵਾਸਤੇ 3.2 ਮਿਲੀਅਨ ਡਾਲਰ ਕਰੇਗੀ ਨਿਵੇਸ਼

ਅਲਬਰਟਾ-ਅਲਬਰਟਾ ਸਰਕਾਰ ਪਰਿਵਾਰਾਂ ਨੂੰ ਸੰਕਟ ਆਉਣ ਤੋਂ ਪਹਿਲਾਂ ਹੀ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਲਈ 3.2 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਇਸ ਤਹਿਤ Family Resource Network (FRN) ਪ੍ਰੋਗਰਾਮਾਂ ਲਈ ਗ੍ਰਾਂਟ ਅਰਜ਼ੀਆਂ ਹੁਣ ਖੁੱਲ੍ਹ ਗਈਆਂ ਹਨ ਅਤੇ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 29 ਸਤੰਬਰ 2026 ਹੈ।ਇਸ ਨਵੇਂ ਨਿਵੇਸ਼ ਨਾਲ ਸੂਬੇ ਭਰ ਵਿੱਚ Family Resource Networks ਲਈ ਸਰਕਾਰ ਦਾ ਕੁੱਲ ਸਾਲਾਨਾ ਨਿਵੇਸ਼ ਵਧ ਕੇ 66.7 ਮਿਲੀਅਨ ਡਾਲਰ ਹੋ ਜਾਵੇਗਾ। ਇਨ੍ਹਾਂ ਨੈੱਟਵਰਕਾਂ ਦਾ ਮੁੱਖ ਉਦੇਸ਼ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਨੂੰ ਮੁਸ਼ਕਲ ਸਮੇਂ ਦੌਰਾਨ ਸੰਕਟ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਥਾਮ ਅਤੇ ਸ਼ੁਰੂਆਤੀ ਪੱਧਰ ’ਤੇ ਸਹਾਇਤਾ ਮੁਹੱਈਆ ਕਰਵਾਉਣਾ ਹੈ।

ਸ਼ਹਿਰੀ, ਪੇਂਡੂ ਅਤੇ Indigenous ਭਾਈਚਾਰਿਆਂ ਵਿੱਚ ਕੰਮ ਕਰ ਰਹੇ Family Resource Networks ਵੱਲੋਂ ਮੁਫ਼ਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਸਿੱਖਿਆ, ਘਰ-ਅਧਾਰਿਤ ਸਹਾਇਤਾ, ਛੋਟੇ ਬੱਚਿਆਂ ਅਤੇ ਨੌਜਵਾਨਾਂ ਦੇ ਵਿਕਾਸ ਨਾਲ ਸਬੰਧਤ ਗਤੀਵਿਧੀਆਂ ਅਤੇ ਥੋੜ੍ਹੇ ਸਮੇਂ ਲਈ ਭਾਈਚਾਰਾ-ਅਧਾਰਿਤ ਮਾਨਸਿਕ ਸਿਹਤ ਸਹਾਇਤਾ ਸ਼ਾਮਲ ਹਨ।

ਇਨ੍ਹਾਂ ਸੇਵਾਵਾਂ ਰਾਹੀਂ ਪਰਿਵਾਰਾਂ ਨੂੰ ਮੁੜ ਇੱਕ-ਦੂਜੇ ਨਾਲ ਜੁੜਨ, ਆਤਮ-ਵਿਸ਼ਵਾਸ ਵਧਾਉਣ, ਰਿਸ਼ਤੇ ਮਜ਼ਬੂਤ ਕਰਨ ਅਤੇ ਆਪਣੇ ਘਰ ਦੇ ਨੇੜੇ ਲੋੜੀਂਦੀਆਂ ਸੇਵਾਵਾਂ ਤੱਕ ਪਹੁੰਚ ਬਣਾਉਣ ਵਿੱਚ ਮਦਦ ਮਿਲਦੀ ਹੈ।

ਬੱਚਿਆਂ ਅਤੇ ਪਰਿਵਾਰਕ ਸੇਵਾਵਾਂ ਬਾਰੇ ਮੰਤਰੀ ਸੀਅਰਲ ਟਰਟਨ ਨੇ ਕਿਹਾ ਕਿ ਅਲਬਰਟਾ ਦੇ ਪਰਿਵਾਰਾਂ ਨੂੰ ਅਜਿਹੀਆਂ ਸਹਾਇਤਾ ਸੇਵਾਵਾਂ ਤੱਕ ਪਹੁੰਚ ਮਿਲਣੀ ਚਾਹੀਦੀ ਹੈ, ਜੋ ਮੁਸ਼ਕਲਾਂ ਨੂੰ ਸੰਕਟ ਬਣਨ ਤੋਂ ਪਹਿਲਾਂ ਹੀ ਹੱਲ ਕਰਨ ਵਿੱਚ ਮਦਦ ਕਰਨ। ਉਨ੍ਹਾਂ ਕਿਹਾ ਕਿ ਇਸ ਨਿਵੇਸ਼ ਨਾਲ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਲਈ ਮਜ਼ਬੂਤ ਰਿਸ਼ਤੇ ਬਣਾਉਣ ਅਤੇ ਆਪਣੇ ਭਾਈਚਾਰਿਆਂ ਵਿੱਚ ਬਿਹਤਰ ਢੰਗ ਨਾਲ ਅੱਗੇ ਵਧਣ ਲਈ ਸਹਾਇਤਾ ਮਜ਼ਬੂਤ ਹੋਵੇਗੀ।ਇਸ ਗ੍ਰਾਂਟ ਲਈ ਖਾਸ ਤੌਰ ’ਤੇ ਨੌਜਵਾਨਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਵਧੇਰੇ ਸਹਾਇਤਾ, ਬੱਚਿਆਂ ਦੇ ਵਿਕਾਸ ਨਾਲ ਜੁੜੀਆਂ ਸੇਵਾਵਾਂ ਅਤੇ ਘਰ ਅੰਦਰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਲਈ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ। ਇਨ੍ਹਾਂ ਖੇਤਰਾਂ ਨੂੰ ਸੂਬੇ ਭਰ ਦੇ Family Resource Networks ਵੱਲੋਂ ਲੋੜ ਵਾਲੇ ਮੁੱਖ ਖੇਤਰਾਂ ਵਜੋਂ ਦਰਸਾਇਆ ਗਿਆ ਹੈ।ਸਰਕਾਰ ਮੁਤਾਬਕ ਇਹ ਨਿਵੇਸ਼ Family Resource Networks ਲਈ ਨਵੇਂ ਸਿਰੇ ਤੋਂ ਅਪਣਾਈ ਜਾ ਰਹੀ ਪਹੁੰਚ ਦਾ ਹਿੱਸਾ ਹੈ। ਇਸ ਪਹੁੰਚ ਨੂੰ ਪ੍ਰੋਗਰਾਮ ਦੀ ਸਮੀਖਿਆ ਅਤੇ ਸੇਵਾ ਪ੍ਰਦਾਤਾਵਾਂ ਤੋਂ ਮਿਲੇ ਸੁਝਾਵਾਂ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ। ਇਸ ਦਾ ਉਦੇਸ਼ ਅਲਬਰਟਾ ਭਰ ਵਿੱਚ ਸੇਵਾਵਾਂ ਦੀ ਬਿਹਤਰ ਤਾਲਮੇਲ ਨਾਲ ਪਹੁੰਚ ਯਕੀਨੀ ਬਣਾਉਣਾ, ਵਧੇਰੇ ਲੋੜ ਵਾਲੇ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਲਈ ਸਹਾਇਤਾ ਮਜ਼ਬੂਤ ਕਰਨਾ ਅਤੇ ਫੰਡ ਉੱਥੇ ਪਹੁੰਚਾਉਣਾ ਹੈ ਜਿੱਥੇ ਇਸ ਦੀ ਸਭ ਤੋਂ ਵੱਧ ਲੋੜ ਹੈ।