ਮਾਈਕ੍ਰੋਸਾਫਟ ਦੀਆਂ ਸੇਵਾਵਾਂ ਪੰਜ ਘੰਟਿਆਂ ਤੋਂ ਵੱਧ ਸਮਾਂ ਰਹੀਆਂ ਠੱਪ

ਮਾਈਕ੍ਰੋਸਾਫਟ ਦੀਆਂ ਸੇਵਾਵਾਂ ਪੰਜ ਘੰਟਿਆਂ ਤੋਂ ਵੱਧ ਸਮਾਂ ਰਹੀਆਂ ਠੱਪ

ਵਾਸ਼ਿੰਗਟਨ-ਦੁਨੀਆ ਦੀ ਪ੍ਰਮੁੱਖ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਵੀਰਵਾਰ ਨੂੰ ਆਈ ਵੱਡੀ ਤਕਨੀਕੀ ਖ਼ਰਾਬੀ ਕਾਰਨ ਆਊਟਲੁੱਕ, ਟੀਮਜ਼ ਅਤੇ ਮਾਈਕ੍ਰੋਸਾਫਟ 365 ਦੀਆਂ ਹੋਰ ਐਪਲੀਕੇਸ਼ਨਾਂ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਠੱਪ ਰਹੀਆਂ। ਇਸ ਵਿਸ਼ਵਵਿਆਪੀ ਵਿਘਨ ਕਾਰਨ ਹਜ਼ਾਰਾਂ ਵਰਤੋਂਕਾਰਾਂ ਅਤੇ ਕਾਰੋਬਾਰੀ ਅਦਾਰਿਆਂ ਦਾ ਕੰਮਕਾਜ ਪ੍ਰਭਾਵਿਤ ਹੋਇਆ। ਇਸ ਦਾ ਅਸਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸੇਵਾਵਾਂ ਓਪਨਏਆਈ ਅਤੇ ਐਂਥ੍ਰੋਪਿਕ ਵੱਲੋਂ ਵਰਤੇ ਜਾਂਦੇ ਕਨੈਕਟਰਾਂ ’ਤੇ ਵੀ ਪਿਆ।

ਔਨਲਾਈਨ ਸੇਵਾਵਾਂ ਦੀ ਸਥਿਤੀ ’ਤੇ ਨਜ਼ਰ ਰੱਖਣ ਵਾਲੇ ਪਲੇਟਫਾਰਮ ‘ਡਾਊਨਡਿਟੈਕਟਰ’ ਅਨੁਸਾਰ, ਦੁਪਹਿਰ ਇਕ ਵਜੇ ਦੇ ਕਰੀਬ ਆਊਟਲੁੱਕ ਸਬੰਧੀ ਸ਼ਿਕਾਇਤਾਂ ਦੀ ਗਿਣਤੀ ਵਧ ਕੇ 1,38,058 ਤੱਕ ਪਹੁੰਚ ਗਈ ਸੀ। ਸ਼ਾਮ ਤੱਕ ਇਹ ਗਿਣਤੀ ਘਟ ਕੇ ਲਗਭਗ 34,490 ਰਹਿ ਗਈ। ਇਸੇ ਤਰ੍ਹਾਂ ਸ਼ਾਮ 5:47 ਵਜੇ ਤੱਕ ਮਾਈਕ੍ਰੋਸਾਫਟ 365 ਸਬੰਧੀ ਸ਼ਿਕਾਇਤਾਂ ਘਟ ਕੇ ਲਗਭਗ 13,000 ਰਹਿ ਗਈਆਂ, ਜਦਕਿ 763 ਵਰਤੋਂਕਾਰਾਂ ਨੇ ਟੀਮਜ਼ ਐਪ ਚਲਾਉਣ ਵਿੱਚ ਮੁਸ਼ਕਲ ਆਉਣ ਦੀ ਰਿਪੋਰਟ ਦਿੱਤੀ। ਮਾਈਕ੍ਰੋਸਾਫਟ ਨੇ ਸਪੱਸ਼ਟ ਕੀਤਾ ਕਿ ਇਹ ਸਮੱਸਿਆ ਇੰਟਰਨੈੱਟ ਟਰੈਫਿਕ ਵਧਣ ਕਾਰਨ ਨਹੀਂ, ਸਗੋਂ ਵਧੇ ਹੋਏ ਲੋਡ ਦੌਰਾਨ ਕਈ ਸਰਵਰਾਂ ਦੇ ਅਚਾਨਕ ਬੰਦ ਹੋ ਜਾਣ ਕਾਰਨ ਪੈਦਾ ਹੋਈ। ਕੰਪਨੀ ਦੇ ਬੁਲਾਰੇ ਅਨੁਸਾਰ, ਮੁੱਖ ਤੌਰ ’ਤੇ ‘ਐਕਸਚੇਂਜ ਔਨਲਾਈਨ’ ਸੇਵਾ ਪ੍ਰਭਾਵਿਤ ਹੋਈ। ਕੰਪਨੀ ਨੇ ਟਰੈਫਿਕ ਨੂੰ ਬਦਲਵੇਂ ਰੂਟਾਂ ਰਾਹੀਂ ਭੇਜਣ ਅਤੇ ਪ੍ਰਭਾਵਿਤ ਸਰਵਰਾਂ ਨੂੰ ਮੁੜ ਚਾਲੂ ਕਰਨ ਲਈ ਯਤਨ ਕੀਤੇ, ਜਿਸ ਨਾਲ ਵਰਤੋਂਕਾਰਾਂ ਨੂੰ ਹੌਲੀ-ਹੌਲੀ ਰਾਹਤ ਮਿਲਣੀ ਸ਼ੁਰੂ ਹੋ ਗਈ।