ਅਮਰੀਕਾ ’ਚ ਮਈ ਮਹੀਨੇ ਦੌਰਾਨ 1.72 ਲੱਖ ਨਵੀਆਂ ਨੌਕਰੀਆਂ, ਅਰਥਵਿਵਸਥਾ ਮੰਦੀ ਦੇ ਡਰ ਘਟੇ

ਅਮਰੀਕਾ ’ਚ ਮਈ ਮਹੀਨੇ ਦੌਰਾਨ 1.72 ਲੱਖ ਨਵੀਆਂ ਨੌਕਰੀਆਂ, ਅਰਥਵਿਵਸਥਾ ਮੰਦੀ ਦੇ ਡਰ ਘਟੇ

ਵਾਸ਼ਿੰਗਟਨ : ਅਮਰੀਕਾ ਦੀ ਅਰਥਵਿਵਸਥਾ ਨੇ ਮਈ 2026 ਦੌਰਾਨ ਉਮੀਦਾਂ ਤੋਂ ਵੱਧ ਨੌਕਰੀਆਂ ਜੋੜ ਕੇ ਮਜ਼ਬੂਤ ਮਜ਼ਦੂਰੀ ਬਾਜ਼ਾਰ ਦਾ ਸੰਕੇਤ ਦਿੱਤਾ ਹੈ। ਅਮਰੀਕੀ ਮਜ਼ਦੂਰ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮਈ ਮਹੀਨੇ ਵਿੱਚ 1 ਲੱਖ 72 ਹਜ਼ਾਰ ਨਵੀਆਂ ਨੌਕਰੀਆਂ ਸ਼ਾਮਲ ਹੋਈਆਂ, ਜਦਕਿ ਅਰਥਸ਼ਾਸਤਰੀਆਂ ਨੇ ਲਗਭਗ 85 ਹਜ਼ਾਰ ਨੌਕਰੀਆਂ ਦੇ ਵਾਧੇ ਦੀ ਉਮੀਦ ਜਤਾਈ ਸੀ।

ਅਪ੍ਰੈਲ ਮਹੀਨੇ ਵਿੱਚ 1 ਲੱਖ 79 ਹਜ਼ਾਰ ਨੌਕਰੀਆਂ ਵਧੀਆਂ ਸਨ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਅਰਥਵਿਵਸਥਾ ਨੂੰ ਵਧ ਰਹੀ ਵਰਕਫੋਰਸ ਨੂੰ ਸੰਭਾਲਣ ਲਈ ਹਰ ਮਹੀਨੇ 0 ਤੋਂ 50 ਹਜ਼ਾਰ ਨਵੀਆਂ ਨੌਕਰੀਆਂ ਦੀ ਲੋੜ ਹੁੰਦੀ ਹੈ। ਇਸ ਮਾਪਦੰਡ ਦੇ ਮੁਕਾਬਲੇ ਮਈ ਦੇ ਅੰਕੜੇ ਕਾਫੀ ਬਿਹਤਰ ਮੰਨੇ ਜਾ ਰਹੇ ਹਨ। ਰਿਪੋਰਟ ਮੁਤਾਬਕ ਬੇਰੁਜ਼ਗਾਰੀ ਦਰ ਲਗਾਤਾਰ ਤੀਜੇ ਮਹੀਨੇ 4.3 ਫੀਸਦੀ ’ਤੇ ਸਥਿਰ ਰਹੀ। ਮਾਹਿਰਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ’ਤੇ ਸਖ਼ਤੀ ਕਾਰਨ ਨਵੀਂ ਵਰਕਫੋਰਸ ਦੀ ਗਿਣਤੀ ਘੱਟੀ ਹੈ, ਜਿਸ ਨਾਲ ਬੇਰੁਜ਼ਗਾਰੀ ਦਰ ’ਤੇ ਦਬਾਅ ਘੱਟ ਪਿਆ ਹੈ। ਅਰਥਸ਼ਾਸਤਰੀਆਂ ਦੇ ਅਨੁਸਾਰ ਮੌਜੂਦਾ ਹਾਲਾਤਾਂ ਵਿੱਚ ਕੰਪਨੀਆਂ ਵੱਡੀ ਭਰਤੀ ਕਰਨ ਦੀ ਬਜਾਏ ਆਪਣੇ ਮੌਜੂਦਾ ਕਰਮਚਾਰੀਆਂ ਨੂੰ ਬਣਾਈ ਰੱਖਣ ਨੂੰ ਤਰਜੀਹ ਦੇ ਰਹੀਆਂ ਹਨ। ਪਿਛਲੇ ਸਾਲ ਲਗੇ ਭਾਰੀ ਟੈਰਿਫ਼ ਅਤੇ ਮੱਧ-ਪੂਰਬ ਵਿੱਚ ਵਧ ਰਹੇ ਤਣਾਅ ਕਾਰਨ ਕਾਰੋਬਾਰੀ ਮਾਹੌਲ ਅਣਿਸ਼ਚਿਤ ਬਣਿਆ ਹੋਇਆ ਹੈ।

ਮਾਹਿਰ ਇਸਨੂੰ “ਸਲੋ-ਹਾਇਰ, ਸਲੋ-ਫਾਇਰ” ਮਾਡਲ ਕਰਾਰ ਦੇ ਰਹੇ ਹਨ, ਜਿਸਦਾ ਅਰਥ ਹੈ ਕਿ ਨੌਕਰੀ ਬਾਜ਼ਾਰ ਸਥਿਰ ਤਾਂ ਹੈ, ਪਰ ਬਹੁਤ ਤੇਜ਼ ਗਤੀ ਨਾਲ ਅੱਗੇ ਨਹੀਂ ਵੱਧ ਰਿਹਾ। ਇਰਾਨ ਨਾਲ ਜਾਰੀ ਤਣਾਅ ਅਤੇ ਤੇਲ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ ਅਮਰੀਕੀ ਨੌਕਰੀ ਬਾਜ਼ਾਰ ’ਤੇ ਇਸਦਾ ਵੱਡਾ ਨਕਾਰਾਤਮਕ ਪ੍ਰਭਾਵ ਨਹੀਂ ਦੇਖਿਆ ਗਿਆ। ਹਾਲਾਂਕਿ ਹੋਰਮੁਜ਼ ਜਲਡੰਘੀ ਵਿੱਚ ਤਣਾਅ ਕਾਰਨ ਵਿਸ਼ਵ ਪੱਧਰ ’ਤੇ ਤੇਲ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਧੀਆਂ ਹਨ।ਅਮਰੀਕੀ ਸੁਪਰੀਮ ਕੋਰਟ ਵੱਲੋਂ ਕੁਝ ਟੈਰਿਫ਼ ਰੱਦ ਕਰਨ ਤੋਂ ਬਾਅਦ ਕੰਪਨੀਆਂ ਨੂੰ ਟੈਕਸ ਅਤੇ ਟੈਰਿਫ਼ ਰਿਫੰਡ ਮਿਲੇ ਹਨ, ਜਿਸ ਨਾਲ ਉਨ੍ਹਾਂ ਦੇ ਮੁਨਾਫ਼ੇ ਵਿੱਚ ਵਾਧਾ ਹੋਇਆ ਹੈ। 2026 ਦੀ ਪਹਿਲੀ ਤਿਮਾਹੀ ਦੌਰਾਨ ਕੰਪਨੀਆਂ ਦੇ ਮੁਨਾਫ਼ੇ ਵਿੱਚ 40.4 ਅਰਬ ਡਾਲਰ ਦਾ ਵਾਧਾ ਦਰਜ ਕੀਤਾ ਗਿਆ। ਮਜ਼ਬੂਤ ਰੁਜ਼ਗਾਰ ਅੰਕੜਿਆਂ ਦੇ ਬਾਵਜੂਦ ਵਿੱਤੀ ਬਾਜ਼ਾਰਾਂ ਨੂੰ ਉਮੀਦ ਨਹੀਂ ਕਿ ਅਮਰੀਕੀ ਫੈਡਰਲ ਰਿਜ਼ਰਵ ਜਲਦੀ ਵਿਆਜ ਦਰਾਂ ਵਿੱਚ ਕਟੌਤੀ ਕਰੇਗਾ। ਮਾਹਿਰਾਂ ਦੇ ਅਨੁਸਾਰ ਮੁੱਖ ਵਿਆਜ ਦਰਾਂ 2027 ਤੱਕ ਮੌਜੂਦਾ ਪੱਧਰ 3.50 ਤੋਂ 3.75 ਫੀਸਦੀ ਦੇ ਵਿਚਕਾਰ ਕਾਇਮ ਰਹਿ ਸਕਦੀਆਂ ਹਨ।ਇਸਦਾ ਮਤਲਬ ਹੈ ਕਿ ਅਮਰੀਕਾ ਵਿੱਚ ਕਰਜ਼ਾ ਲੈਣਾ ਅਜੇ ਵੀ ਮਹਿੰਗਾ ਰਹੇਗਾ, ਭਾਵੇਂ ਨੌਕਰੀ ਬਾਜ਼ਾਰ ਮਜ਼ਬੂਤ ਦਿਖਾਈ ਦੇ ਰਿਹਾ ਹੋਵੇ।