ਆਸਟਰੇਲੀਆ ਦੀ ਅਰਥਵਿਵਸਥਾ ਦਾ ਮਜ਼ਬੂਤ ਸਹਾਰਾ ਬਣੇ ਪਰਵਾਸੀ, ਨਵੇਂ ਅੰਕੜਿਆਂ ਨੇ ਦਿਖਾਈ ਤਸਵੀਰ

ਆਸਟਰੇਲੀਆ ਦੀ ਅਰਥਵਿਵਸਥਾ ਦਾ ਮਜ਼ਬੂਤ ਸਹਾਰਾ ਬਣੇ ਪਰਵਾਸੀ, ਨਵੇਂ ਅੰਕੜਿਆਂ ਨੇ ਦਿਖਾਈ ਤਸਵੀਰ

ਸਿਡਨੀ- ਆਸਟਰੇਲੀਆ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਸਿਆਸੀ ਬਹਿਸ ਭਾਵੇਂ ਲਗਾਤਾਰ ਤੇਜ਼ ਹੋ ਰਹੀ ਹੈ, ਪਰ ਤਾਜ਼ਾ ਸਰਕਾਰੀ ਅੰਕੜਿਆਂ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਦੀਆਂ ਕਈ ਅਹਿਮ ਸੇਵਾਵਾਂ ਅਤੇ ਉਦਯੋਗ ਪਰਵਾਸੀ ਕਰਮਚਾਰੀਆਂ ਦੇ ਸਹਾਰੇ ਚੱਲ ਰਹੇ ਹਨ।ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਆਸਟਰੇਲੀਆ ਦੇ 57 ਫ਼ੀਸਦੀ ਜਨਰਲ ਪ੍ਰੈਕਟੀਸ਼ਨਰ (ਜੀ.ਪੀ.) ਡਾਕਟਰ, 47 ਫ਼ੀਸਦੀ ਸਰਜਨ ਅਤੇ 43 ਫ਼ੀਸਦੀ ਨਰਸਾਂ ਵਿਦੇਸ਼ਾਂ ਵਿੱਚ ਜਨਮੇ ਹਨ। ਇਸ ਤੋਂ ਇਲਾਵਾ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਵਿੱਚ ਵੀ 40 ਫ਼ੀਸਦੀ ਹਿੱਸਾ ਪਰਵਾਸੀਆਂ ਦਾ ਹੈ।

ਸਿਹਤ ਖੇਤਰ ਤੋਂ ਇਲਾਵਾ ਨਿਰਮਾਣ ਉਦਯੋਗ ਵੀ ਵੱਡੇ ਪੱਧਰ 'ਤੇ ਪਰਵਾਸੀ ਮਜ਼ਦੂਰਾਂ ਉੱਤੇ ਨਿਰਭਰ ਹੈ। ਅੰਕੜਿਆਂ ਮੁਤਾਬਕ 37 ਫ਼ੀਸਦੀ ਪਲਾਸਟਰਰ ਅਤੇ 28 ਫ਼ੀਸਦੀ ਬਿਲਡਿੰਗ ਲੇਬਰ ਵਿਦੇਸ਼ਾਂ ਵਿੱਚ ਜਨਮੇ ਹਨ। ਖੇਤੀਬਾੜੀ ਖੇਤਰ ਵਿੱਚ ਵੀ ਪਰਵਾਸੀਆਂ ਦੀ ਮਹੱਤਵਪੂਰਨ ਭੂਮਿਕਾ ਹੈ, ਜਿੱਥੇ 52 ਫ਼ੀਸਦੀ ਕਰਮਚਾਰੀ ਪਰਵਾਸੀ ਪਿਛੋਕੜ ਨਾਲ ਸਬੰਧਤ ਹਨ।

ਇਹ ਅੰਕੜੇ ਉਸ ਸਮੇਂ ਸਾਹਮਣੇ ਆਏ ਹਨ ਜਦੋਂ ਦੇਸ਼ ਵਿੱਚ ਘਰਾਂ ਦੀ ਕਮੀ ਅਤੇ ਵਧਦੇ ਕਿਰਾਏ ਲਈ ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਠਹਿਰਾਉਣ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਆਸਟਰੇਲੀਆ ਪਹਿਲਾਂ ਹੀ ਹੁਨਰਮੰਦ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਿਹਾ ਹੈ ਅਤੇ ਕਈ ਖੇਤਰਾਂ ਵਿੱਚ ਪਰਵਾਸੀਆਂ ਤੋਂ ਬਿਨਾਂ ਕੰਮ ਚਲਾਉਣਾ ਮੁਸ਼ਕਲ ਹੈ।ਮਾਹਿਰਾਂ ਅਨੁਸਾਰ ਨਿਰਮਾਣ ਉਦਯੋਗ ਨੂੰ ਆਉਣ ਵਾਲੇ ਸਾਲਾਂ ਵਿੱਚ ਲੱਖਾਂ ਵਾਧੂ ਕਰਮਚਾਰੀਆਂ ਦੀ ਲੋੜ ਪਵੇਗੀ ਤਾਂ ਜੋ ਵਧਦੀ ਆਬਾਦੀ ਅਤੇ ਰਿਹਾਇਸ਼ੀ ਮੰਗ ਨੂੰ ਪੂਰਾ ਕੀਤਾ ਜਾ ਸਕੇ।

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵੀ ਪਰਵਾਸੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਪਰਵਾਸੀਆਂ ਦੇ ਯੋਗਦਾਨ ਤੋਂ ਬਿਨਾਂ ਆਸਟਰੇਲੀਆ ਦੀਆਂ ਕਈ ਅਹਿਮ ਸੇਵਾਵਾਂ ਅਤੇ ਉਦਯੋਗਾਂ ਨੂੰ ਚਲਾਉਣਾ ਸੰਭਵ ਨਹੀਂ ਹੋਵੇਗਾ।ਅੰਕੜੇ ਦਰਸਾਉਂਦੇ ਹਨ ਕਿ ਸਿਹਤ, ਨਿਰਮਾਣ, ਖੇਤੀਬਾੜੀ ਅਤੇ ਦੇਖਭਾਲ ਸੇਵਾਵਾਂ ਵਰਗੇ ਖੇਤਰਾਂ ਵਿੱਚ ਪਰਵਾਸੀ ਨਾ ਸਿਰਫ਼ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰ ਰਹੇ ਹਨ, ਸਗੋਂ ਦੇਸ਼ ਦੀ ਆਰਥਿਕ ਤਰੱਕੀ ਵਿੱਚ ਵੀ ਅਹਿਮ ਯੋਗਦਾਨ ਪਾ ਰਹੇ ਹਨ।