ਅਮਰੀਕਾ-ਈਰਾਨ ਟਕਰਾਅ ਦਰਮਿਆਨ ਤਣਾਅ ਜਾਰੀ, ਤੇਹਰਾਨ ਦੇ ਜਵਾਬ ਦੀ ਉਡੀਕ

ਅਮਰੀਕਾ-ਈਰਾਨ ਟਕਰਾਅ ਦਰਮਿਆਨ ਤਣਾਅ ਜਾਰੀ, ਤੇਹਰਾਨ ਦੇ ਜਵਾਬ ਦੀ ਉਡੀਕ

ਵਾਸ਼ਿੰਗਟਨ/ਤੇਹਰਾਨ-ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਦੌਰਾਨ ਵਾਸ਼ਿੰਗਟਨ ਨੇ ਕਿਹਾ ਹੈ ਕਿ ਉਹ ਜੰਗ ਖਤਮ ਕਰਨ ਸਬੰਧੀ ਆਪਣੇ ਪ੍ਰਸਤਾਵ ’ਤੇ ਤੇਹਰਾਨ ਦੇ ਜਵਾਬ ਦੀ ਉਡੀਕ ਕਰ ਰਿਹਾ ਹੈ। ਇਸੇ ਵੇਲੇ ਹੋਰਮੁਜ਼ ਜਲਡੰਡੀ ਵਿੱਚ ਦੋਵੇਂ ਦੇਸ਼ਾਂ ਦੀਆਂ ਨੌਸੈਨਾਵਾਂ ਵਿਚਾਲੇ ਛਿੱਟਪੁੱਟ ਝੜਪਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਨੂੰ ਉਮੀਦ ਹੈ ਕਿ ਈਰਾਨ ਵੱਲੋਂ ਸ਼ੁੱਕਰਵਾਰ ਨੂੰ ਜਵਾਬ ਮਿਲ ਸਕਦਾ ਹੈ। ਦੂਜੇ ਪਾਸੇ ਈਰਾਨ ਦੀ ਫਾਰਸ ਨਿਊਜ਼ ਏਜੰਸੀ ਨੇ ਹੋਰਮੁਜ਼ ਜਲਡੰਡੀ ਵਿੱਚ ਈਰਾਨੀ ਅਤੇ ਅਮਰੀਕੀ ਨੌਸੈਨਿਕ ਬਲਾਂ ਵਿਚਾਲੇ “ਛਿੱਟਪੁੱਟ ਝੜਪਾਂ” ਹੋਣ ਦਾ ਦਾਅਵਾ ਕੀਤਾ ਹੈ।

ਇਸ ਸੰਕਟ ਨੇ ਉਸ ਵੇਲੇ ਹੋਰ ਗੰਭੀਰ ਰੂਪ ਧਾਰ ਲਿਆ ਜਦੋਂ ਈਰਾਨ ਨੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਸਮਰਥਿਤ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਤੇਹਰਾਨ ਨੇ ਇਸਨੂੰ “ਖਾਮੀਆਂ ਭਰਿਆ” ਅਤੇ “ਰਾਜਨੀਤਿਕ ਮਕਸਦਾਂ ਵਾਲਾ” ਕਰਾਰ ਦਿੰਦਿਆਂ ਕਿਹਾ ਕਿ ਇਹ ਯੋਜਨਾ ਸੰਘਰਸ਼ ਦਾ ਹੱਲ ਨਹੀਂ ਕਰ ਸਕਦੀ।ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਦੋਸ਼ ਲਗਾਇਆ ਕਿ ਜਦੋਂ ਵੀ ਕੂਟਨੀਤਿਕ ਹੱਲ ਦੀ ਸੰਭਾਵਨਾ ਬਣਦੀ ਹੈ ਤਾਂ ਅਮਰੀਕਾ ਫੌਜੀ ਕਾਰਵਾਈ ਦਾ ਰਾਹ ਅਪਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਰਵੱਈਆ ਸਿਰਫ਼ ਦਬਾਅ ਬਣਾਉਣ ਦੀ ਕੋਸ਼ਿਸ਼ ਹੈ।

ਅਮਰੀਕਾ ਵੱਲੋਂ ਪੇਸ਼ ਕੀਤੇ 14 ਨੁਕਾਤੀ ਫਰੇਮਵਰਕ ਤਹਿਤ ਜੰਗ ਖਤਮ ਕਰਨ ਅਤੇ ਗੱਲਬਾਤ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਈਰਾਨ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਹੱਲ ਵਿੱਚ ਅਮਰੀਕੀ ਸਮੁੰਦਰੀ ਪਾਬੰਦੀਆਂ ਹਟਾਉਣ ਅਤੇ ਹੋਰਮੁਜ਼ ਜਲਡੰਡੀ ਵਿੱਚ ਆਵਾਜਾਈ ਮੁੜ ਬਹਾਲ ਕਰਨ ਦੀ ਸ਼ਰਤ ਸ਼ਾਮਲ ਹੋਣੀ ਚਾਹੀਦੀ ਹੈ।

ਇਸੇ ਦੌਰਾਨ ਲੈਬਨਾਨ ਵਿੱਚ ਇਸਰਾਈਲੀ ਹਮਲਿਆਂ ਦੇ ਤੇਜ਼ ਹੋਣ ਨਾਲ ਖੇਤਰੀ ਤਣਾਅ ਹੋਰ ਵਧ ਗਿਆ ਹੈ। ਕਈ ਹਮਲਿਆਂ ਵਿੱਚ ਦਰਜਨਾਂ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਹਨ। ਹਾਲਾਤਾਂ ਨੂੰ ਕਾਬੂ ਕਰਨ ਲਈ ਅਮਰੀਕਾ 14 ਅਤੇ 15 ਮਈ ਨੂੰ ਵਾਸ਼ਿੰਗਟਨ ਵਿੱਚ ਇਸਰਾਈਲ ਅਤੇ ਲੈਬਨਾਨ ਵਿਚਾਲੇ ਗੱਲਬਾਤ ਦੀ ਮੇਜ਼ਬਾਨੀ ਵੀ ਕਰੇਗਾ।ਰਿਪੋਰਟਾਂ ਮੁਤਾਬਕ ਕੂਟਨੀਤਿਕ ਰਾਹ ਅਜੇ ਵੀ ਖੁੱਲ੍ਹੇ ਹਨ ਅਤੇ ਮਧਸਥਤਾਕਾਰਾਂ ਰਾਹੀਂ ਜਲਦ ਗੱਲਬਾਤ ਮੁੜ ਸ਼ੁਰੂ ਹੋ ਸਕਦੀ ਹੈ, ਪਰ ਸਮੁੰਦਰੀ ਟਕਰਾਅ ਅਤੇ ਵਧਦੀ ਫੌਜੀ ਸਰਗਰਮੀ ਨੇ ਮੱਧ ਪੂਰਬ ਵਿੱਚ ਅਣਿਸ਼ਚਿਤਤਾ ਹੋਰ ਗਹਿਰੀ ਕਰ ਦਿੱਤੀ ਹੈ।