ਨਵੰਬਰ ਮਹੀਨੇ ’ਚ ਵੀ ਅਲਬਰਟਾ ’ਚ ਜੰਗਲਾਂ ਦੀ ਅੱਗ ਦਾ ਖ਼ਤਰਾ ਵਧਿਆ
Unseasonably warm temperatures, dry conditions and strong winds have increased wildfire risks across Alberta in November.
ਅਲਬਰਟਾ-ਨਵੰਬਰ ਮਹੀਨੇ ਦੌਰਾਨ ਆਮ ਨਾਲੋਂ ਵੱਧ ਗਰਮ ਮੌਸਮ ਅਤੇ ਬਰਸਾਤ ਦੀ ਘਾਟ ਕਾਰਨ ਅਲਬਰਟਾ ਵਿੱਚ ਜੰਗਲਾਂ ਅਤੇ ਘਾਹ ਵਾਲੇ ਇਲਾਕਿਆਂ ਵਿੱਚ ਅੱਗ ਲੱਗਣ ਦਾ ਖ਼ਤਰਾ ਵਧ ਗਿਆ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਫਾਇਰ ਐਡਵਾਈਜ਼ਰੀ ਅਤੇ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਮੌਸਮ ਮਾਹਿਰਾਂ ਅਨੁਸਾਰ ਨਵੰਬਰ ਦੀ ਸ਼ੁਰੂਆਤ ਤੋਂ ਹੀ ਸੂਬੇ ਦੇ ਵੱਡੇ ਹਿੱਸੇ ਵਿੱਚ ਮੀਂਹ ਅਤੇ ਬਰਫ਼ਬਾਰੀ ਬਹੁਤ ਘੱਟ ਹੋਈ ਹੈ, ਜਿਸ ਕਾਰਨ ਬਨਸਪਤੀ ਸੁੱਕ ਰਹੀ ਹੈ।
ਗਲੋਬਲ ਨਿਊਜ਼ ਦੀ ਮੌਸਮ ਮਾਹਿਰ ਟਿਫਨੀ ਲਿਜ਼ੀ ਅਨੁਸਾਰ ਐਡਮੰਟਨ ਵਿੱਚ ਇਸ ਪਤਝੜ ਦੌਰਾਨ ਆਮ ਨਾਲੋਂ ਸਿਰਫ਼ 58 ਫ਼ੀਸਦੀ ਬਰਸਾਤ ਹੋਈ ਹੈ, ਜਦਕਿ ਕੈਲਗਰੀ ਵਿੱਚ ਇਹ ਅੰਕੜਾ 67 ਫ਼ੀਸਦੀ ਰਿਹਾ। ਲੰਮੇ ਸਮੇਂ ਤੋਂ ਚੱਲ ਰਹੇ ਖ਼ੁਸ਼ਕ ਮੌਸਮ, ਤੇਜ਼ ਹਵਾਵਾਂ ਅਤੇ ਵਧੇਰੇ ਤਾਪਮਾਨ ਨੂੰ ਦੇਖਦਿਆਂ ਕੈਲਗਰੀ ਪ੍ਰਸ਼ਾਸਨ ਨੇ 10 ਨਵੰਬਰ ਨੂੰ ਅੱਗ ਸਬੰਧੀ ਸਲਾਹਕਾਰੀ ਜਾਰੀ ਕੀਤੀ।ਕੈਲਗਰੀ ਫਾਇਰ ਵਿਭਾਗ ਨੇ ਲੋਕਾਂ ਨੂੰ ਸਿਗਰਟਾਂ ਦੇ ਬਚੇ ਹੋਏ ਟੁਕੜੇ ਖੁੱਲ੍ਹੇ ਵਿੱਚ ਸੁੱਟਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਵਿਭਾਗ ਦੇ ਅਧਿਕਾਰੀ ਐਲੈਕਸ ਕਵਾਨ ਨੇ ਕਿਹਾ ਕਿ ਵਾਹਨਾਂ ਵਿੱਚੋਂ ਸਿਗਰਟ ਦੇ ਟੁਕੜੇ ਬਾਹਰ ਸੁੱਟਣ ਕਾਰਨ ਸੁੱਕੇ ਘਾਹ ਨੂੰ ਅੱਗ ਲੱਗ ਸਕਦੀ ਹੈ ਅਤੇ ਤੇਜ਼ ਹਵਾਵਾਂ ਕਾਰਨ ਇਹ ਤੇਜ਼ੀ ਨਾਲ ਫੈਲ ਸਕਦੀ ਹੈ। ਲੋਕਾਂ ਨੂੰ ਅੱਗ ਬਾਲਣ ਸਮੇਂ ਪਾਣੀ ਦੀ ਬਾਲਟੀ ਜਾਂ ਪਾਣੀ ਵਾਲੀ ਪਾਈਪ ਨੇੜੇ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਇਸ ਦੌਰਾਨ ਸੰਯੁਕਤ ਰਾਸ਼ਟਰ ਨੇ ਸੁਪਰ ਅਲ ਨੀਨੋ ਦੇ ਸੰਭਾਵੀ ਪ੍ਰਭਾਵਾਂ ਬਾਰੇ ਵੀ ਚਿਤਾਵਨੀ ਦਿੱਤੀ ਹੈ। ਮੌਸਮ ਮਾਹਿਰਾਂ ਮੁਤਾਬਕ ਇਹ ਵਰਤਾਰਾ 2027 ਤੱਕ ਜਾਰੀ ਰਹਿ ਸਕਦਾ ਹੈ ਅਤੇ ਅਲਬਰਟਾ ਵਿੱਚ ਸਰਦੀ ਦਾ ਮੌਸਮ ਆਮ ਨਾਲੋਂ ਵਧੇਰੇ ਗਰਮ ਤੇ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਪ੍ਰਸ਼ਾਂਤ ਮਹਾਸਾਗਰ ਦੇ ਪਾਣੀ ਦਾ ਤਾਪਮਾਨ ਔਸਤ ਨਾਲੋਂ 3.5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ।
ਮਾਹਿਰਾਂ ਨੇ 2015-16 ਦੇ ਸੁਪਰ ਅਲ ਨੀਨੋ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਉਸ ਤੋਂ ਬਾਅਦ ਮਈ 2016 ਵਿੱਚ ਫੋਰਟ ਮੈਕਮਰੀ ਵਿੱਚ ਭਿਆਨਕ ਜੰਗਲੀ ਅੱਗ ਲੱਗੀ ਸੀ। ਇਸ ਵਾਰ ਵੀ ਘੱਟ ਬਰਫ਼ਬਾਰੀ ਅਤੇ ਗਰਮ ਮੌਸਮ ਅਗਲੇ ਸਾਲ ਜੰਗਲੀ ਅੱਗ ਦੇ ਖ਼ਤਰੇ ਨੂੰ ਵਧਾ ਸਕਦੇ ਹਨ।ਅਲਬਰਟਾ ਵਾਈਲਡਫਾਇਰ ਵੱਲੋਂ ਰੌਕੀ ਮਾਊਂਟੇਨ ਹਾਊਸ ਅਤੇ ਗ੍ਰਾਂਡ ਪ੍ਰੇਰੀ ਦੇ ਨੇੜਲੇ ਇਲਾਕਿਆਂ ਵਿੱਚ ਵੀ ਅੱਗ ਸਬੰਧੀ ਸਲਾਹਕਾਰੀ ਜਾਰੀ ਕੀਤੀ ਗਈ ਹੈ। ਸੂਬਾ ਸਰਕਾਰ ਨੇ ਲੋਕਾਂ ਨੂੰ ਹਵਾ ਦੀ ਰਫ਼ਤਾਰ 15 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੋਣ ’ਤੇ ਅੱਗ ਨਾ ਬਾਲਣ ਦੀ ਹਦਾਇਤ ਕੀਤੀ ਹੈ।
ਦੂਜੇ ਪਾਸੇ ਲੈਥਬ੍ਰਿਜ ਸ਼ਹਿਰ ਨੇ 9 ਨਵੰਬਰ ਤੋਂ ਰਿਵਰ ਵੈਲੀ ਖੇਤਰ ਵਿੱਚ ਹਰ ਤਰ੍ਹਾਂ ਦੀ ਖੁੱਲ੍ਹੀ ਅੱਗ ਬਾਲਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਵਿੱਚ ਕੈਂਪ ਫਾਇਰ, ਫਾਇਰ ਪਿੱਟ, ਕੋਲੇ ਵਾਲੇ ਬਾਰਬੀਕਿਊ ਅਤੇ ਹੋਰ ਬਾਹਰੀ ਅੱਗ ਬਾਲਣ ਦੀਆਂ ਗਤੀਵਿਧੀਆਂ ਸ਼ਾਮਲ ਹਨ। ਇਹ ਪਾਬੰਦੀ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ। ਇਸ ਤੋਂ ਇਲਾਵਾ ਆਲੇ-ਦੁਆਲੇ ਦੀਆਂ ਕਈ ਪੇਂਡੂ ਨਗਰਪਾਲਿਕਾਵਾਂ ਨੇ ਵੀ ਅੱਗ ਸਬੰਧੀ ਪਾਬੰਦੀਆਂ ਲਗਾਈਆਂ ਹਨ।














