ਮਾਂਟਰੀਅਲ ’ਚ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀਆਂ, ਸਾਬਕਾ ਸੈਨਿਕਾਂ ਦੀ ਕੁਰਬਾਨੀ ਨੂੰ ਕੀਤਾ ਯਾਦ
Around 100 people gathered at Place du Canada in Montreal on November 11 to honour Canadian war veterans and fallen soldiers on Remembrance Day.
ਮਾਂਟਰੀਅਲ-ਕੈਨੇਡਾ ਦੇ ਜੰਗੀ ਸੈਨਿਕਾਂ ਅਤੇ ਦੇਸ਼ ਦੀ ਸੇਵਾ ਕਰਦਿਆਂ ਜਾਨਾਂ ਗੁਆਉਣ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਬੁੱਧਵਾਰ ਨੂੰ ਮਾਂਟਰੀਅਲ ਦੇ ਪਲੇਸ ਡੂ ਕੈਨੇਡਾ ਵਿਖੇ ਸਾਲਾਨਾ ਰਿਮੈਂਬਰੈਂਸ ਡੇਅ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਰੀਬ 100 ਲੋਕਾਂ ਨੇ ਸ਼ਮੂਲੀਅਤ ਕਰਕੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸੈਨਿਕਾਂ ਨੂੰ ਯਾਦ ਕੀਤਾ।
ਸਮਾਗਮ ਦੀ ਸ਼ੁਰੂਆਤ ਫ਼ੌਜੀ ਪਰੇਡ ਨਾਲ ਹੋਈ ਅਤੇ ਸਵੇਰੇ 11 ਵਜੇ ਤੋਂ ਪਹਿਲਾਂ ਕੈਨੇਡਾ ਦਾ ਕੌਮੀ ਗੀਤ ਗਾਇਆ ਗਿਆ। ਇਸ ਮੌਕੇ ਬੈਂਡ ਦੀਆਂ ਧੁਨਾਂ ਨਾਲ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਵੱਖ-ਵੱਖ ਸ਼ਖ਼ਸੀਅਤਾਂ ਅਤੇ ਫ਼ੌਜੀ ਅਧਿਕਾਰੀਆਂ ਨੇ ਜੰਗੀ ਯਾਦਗਾਰ ’ਤੇ ਫੁੱਲਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਮਾਂਟਰੀਅਲ ਦੀ ਮੇਅਰ ਸੋਰੇਆ ਮਾਰਟੀਨੇਜ਼ ਫੇਰਾਡਾ ਨੇ ਵੀ ਸ਼ਹਿਰ ਵੱਲੋਂ ਫੁੱਲਮਾਲਾ ਭੇਟ ਕੀਤੀ।
ਸਮਾਗਮ ਦੌਰਾਨ ਕੈਨੇਡੀਅਨ ਫ਼ੌਜ ਦੇ ਸਾਬਕਾ ਲੈਫਟੀਨੈਂਟ ਕਰਨਲ ਕੋਲਿਨ ਰੌਬਿਨਸਨ ਨੇ ਕਿਹਾ ਕਿ ਮੌਜੂਦਾ ਵਿਸ਼ਵ ਤਣਾਅ ਦੇ ਮਾਹੌਲ ਵਿੱਚ ਰਿਮੈਂਬਰੈਂਸ ਡੇਅ ਜੰਗ ਦੇ ਖ਼ਤਰਿਆਂ ਬਾਰੇ ਸੋਚਣ ਅਤੇ ਸ਼ਾਂਤੀ ਦੀ ਮਹੱਤਤਾ ਸਮਝਣ ਦਾ ਮੌਕਾ ਦਿੰਦਾ ਹੈ। ਉਨ੍ਹਾਂ ਨੇ ਪਿਛਲੇ ਮਹੀਨੇ ਅਲਬਰਟਾ ਦੇ ਸੀਐੱਫਬੀ ਵੇਨਰਾਈਟ ਵਿਖੇ ਸਿਖਲਾਈ ਦੌਰਾਨ ਲੱਗੀ ਅੱਗ ਵਿੱਚ ਚਾਰ ਸੈਨਿਕਾਂ ਦੀ ਮੌਤ ਅਤੇ 39 ਦੇ ਜ਼ਖ਼ਮੀ ਹੋਣ ਦੀ ਘਟਨਾ ਦਾ ਵੀ ਜ਼ਿਕਰ ਕੀਤਾ।
ਕੈਨੇਡੀਅਨ ਆਰਮਡ ਫੋਰਸਿਜ਼ ਦੀ ਚੈਪਲੇਨ ਜਨਰਲ ਕਰਨਲ ਲੀਜ਼ਾ ਪੈਸਰੀਨੁਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੰਗ ਕਾਰਨ ਕਈ ਪਰਿਵਾਰ ਵਿਛੜ ਜਾਂਦੇ ਹਨ ਅਤੇ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਜ਼ਖ਼ਮ ਸਹਿਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਤਜਰਬੇ ਸਾਨੂੰ ਸ਼ਾਂਤੀ ਅਤੇ ਆਜ਼ਾਦੀ ਦੀ ਅਹਿਮੀਅਤ ਦਾ ਅਹਿਸਾਸ ਕਰਵਾਉਂਦੇ ਹਨ।
11 ਨਵੰਬਰ 1918 ਨੂੰ ਪਹਿਲੀ ਵਿਸ਼ਵ ਜੰਗ ਦੀ ਲੜਾਈ ਖ਼ਤਮ ਹੋਣ ਦੀ ਯਾਦ ਵਿੱਚ ਸਵੇਰੇ 11 ਵਜੇ ਦੋ ਮਿੰਟ ਦਾ ਮੌਨ ਵੀ ਧਾਰਿਆ ਗਿਆ। ਸਮਾਗਮ ਵਿੱਚ ਸ਼ਾਮਲ ਰਹੇ ਕੈਨੇਡੀਅਨ ਜਲ ਸੈਨਾ ਅਤੇ ਪੈਦਲ ਫ਼ੌਜ ਦੇ ਸਾਬਕਾ ਸੈਨਿਕ ਪੀਅਰੇ ਸੇਂਟ-ਲੂਈ ਨੇ ਕਿਹਾ ਕਿ ਸ਼ਹੀਦਾਂ ਨੂੰ ਯਾਦ ਕਰਨ ਦੇ ਨਾਲ-ਨਾਲ ਜਿਊਂਦੇ ਸਾਬਕਾ ਸੈਨਿਕਾਂ ਅਤੇ ਵਿਦੇਸ਼ਾਂ ਵਿੱਚ ਤਾਇਨਾਤ ਫ਼ੌਜੀਆਂ ਦੇ ਪਰਿਵਾਰਾਂ ਦੀ ਸਹਾਇਤਾ ਕਰਨਾ ਵੀ ਜ਼ਰੂਰੀ ਹੈ।
ਇਹ ਸਮਾਗਮ ਦੁਪਹਿਰ ਤੋਂ ਪਹਿਲਾਂ ਸਮਾਪਤ ਹੋਇਆ। ਇਸੇ ਤਰ੍ਹਾਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਰਿਮੈਂਬਰੈਂਸ ਡੇਅ ਮੌਕੇ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਗਮ ਕਰਵਾਏ ਗਏ।














