ਐਨੋਕ ਕ੍ਰੀ ਨੇਸ਼ਨ ਵਿੱਚ ਨਸ਼ਾ ਛੁਡਾਊ ਕੇਂਦਰ ਦੀ ਉਸਾਰੀ ਮੁਕੰਮਲ, 75 ਬਿਸਤਰਿਆਂ ਦੀ ਸਹੂਲਤ ’ਤੇ 3.5 ਕਰੋੜ ਡਾਲਰ ਖਰਚ

Construction of the 75-bed Enoch maskêkosihk Recovery Community in Enoch Cree Nation is complete, supported by a $35-million provincial capital investment.

ਐਨੋਕ ਕ੍ਰੀ ਨੇਸ਼ਨ ਵਿੱਚ ਨਸ਼ਾ ਛੁਡਾਊ ਕੇਂਦਰ ਦੀ ਉਸਾਰੀ ਮੁਕੰਮਲ, 75 ਬਿਸਤਰਿਆਂ ਦੀ ਸਹੂਲਤ ’ਤੇ 3.5 ਕਰੋੜ ਡਾਲਰ ਖਰਚ

ਅਲਬਰਟਾ-ਅਲਬਰਟਾ ਦੇ ਐਡਮੰਟਨ ਖੇਤਰ ਵਿੱਚ ਨਸ਼ਿਆਂ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਮੁਫ਼ਤ ਇਲਾਜ ਦੀ ਸਹੂਲਤ ਵਧਾਉਣ ਵਾਸਤੇ ਐਨੋਕ ਕ੍ਰੀ ਨੇਸ਼ਨ ਵਿੱਚ ਨਵੇਂ ਰਿਕਵਰੀ ਕਮਿਊਨਿਟੀ ਕੇਂਦਰ ਦੀ ਉਸਾਰੀ ਮੁਕੰਮਲ ਹੋ ਗਈ ਹੈ। ਇਸ ਕੇਂਦਰ ਵਿੱਚ 75 ਬਿਸਤਰਿਆਂ ਦੀ ਸਹੂਲਤ ਹੋਵੇਗੀ ਅਤੇ ਇਸ ਨੂੰ ਬਣਾਉਣ ਲਈ ਸੂਬਾ ਸਰਕਾਰ ਨੇ 3.5 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ।

ਐਨੋਕ ਮਸਕੇਕੋਸਿਹਕ ਰਿਕਵਰੀ ਕਮਿਊਨਿਟੀ ਨਾਂ ਦਾ ਇਹ ਕੇਂਦਰ ਹਰ ਸਾਲ 300 ਲੋਕਾਂ ਨੂੰ ਨਸ਼ਾ ਛੁਡਾਊ ਇਲਾਜ ਮੁਹੱਈਆ ਕਰਵਾ ਸਕੇਗਾ। ਇਸ ਦਾ ਉਦੇਸ਼ ਲੋਕਾਂ ਨੂੰ ਆਪਣੇ ਘਰਾਂ ਅਤੇ ਭਾਈਚਾਰੇ ਦੇ ਨੇੜੇ ਰਹਿੰਦਿਆਂ ਇਲਾਜ ਕਰਵਾਉਣ ਦਾ ਮੌਕਾ ਦੇਣਾ ਹੈ। ਕੇਂਦਰ ਵਿੱਚ ਇਲਾਜ ਦੇ ਨਾਲ-ਨਾਲ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੰਦਰੁਸਤੀ ਵੱਲ ਵੀ ਧਿਆਨ ਦਿੱਤਾ ਜਾਵੇਗਾ।

ਇਹ ਕੇਂਦਰ ਐਨੋਕ ਕ੍ਰੀ ਨੇਸ਼ਨ ਅਤੇ ਅਲਬਰਟਾ ਸਰਕਾਰ ਦੀ ਭਾਈਵਾਲੀ ਨਾਲ ਤਿਆਰ ਕੀਤਾ ਗਿਆ ਹੈ। ਇਸ ਦੀ ਮਾਲਕੀ ਅਤੇ ਪ੍ਰਬੰਧਨ ਐਨੋਕ ਕ੍ਰੀ ਨੇਸ਼ਨ ਕੋਲ ਹੋਵੇਗਾ, ਜਦਕਿ ਸੇਵਾਵਾਂ ਭਾਈਚਾਰੇ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ, ਰਵਾਇਤਾਂ ਅਤੇ ਤਰਜੀਹਾਂ ਅਨੁਸਾਰ ਚਲਾਈਆਂ ਜਾਣਗੀਆਂ। ਇਹ ਅਲਬਰਟਾ ਵਿੱਚ ਸਵਦੇਸ਼ੀ ਭਾਈਚਾਰਿਆਂ ਦੀ ਅਗਵਾਈ ਹੇਠ ਬਣਾਏ ਜਾ ਰਹੇ ਪੰਜ ਰਿਕਵਰੀ ਕੇਂਦਰਾਂ ਵਿੱਚੋਂ ਤੀਜਾ ਹੈ।

ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਮੰਤਰੀ ਰਿਕ ਵਿਲਸਨ ਨੇ ਕਿਹਾ ਕਿ ਨਵੇਂ ਕੇਂਦਰ ਨਾਲ ਨਸ਼ਿਆਂ ਦੀ ਲਤ ਨਾਲ ਜੂਝ ਰਹੇ ਹੋਰ ਲੋਕਾਂ ਨੂੰ ਲੋੜੀਂਦੀ ਸਹਾਇਤਾ ਮਿਲੇਗੀ। ਉਨ੍ਹਾਂ ਮੁਤਾਬਕ, ਅਜਿਹੀਆਂ ਸਹੂਲਤਾਂ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਜੀਵਨ ਵੱਲ ਵਧਣ, ਪਰਿਵਾਰਕ ਰਿਸ਼ਤੇ ਮਜ਼ਬੂਤ ਕਰਨ ਅਤੇ ਸਿਹਤਮੰਦ ਭਾਈਚਾਰੇ ਬਣਾਉਣ ਵਿੱਚ ਮਦਦ ਕਰਦੀਆਂ ਹਨ।

ਐਨੋਕ ਕ੍ਰੀ ਨੇਸ਼ਨ ਦੇ ਮੁਖੀ ਕੋਡੀ ਥਾਮਸ ਨੇ ਕਿਹਾ ਕਿ ਨਸ਼ਾ ਮੁਕਤੀ ਸਿਰਫ਼ ਸਰੀਰਕ ਇਲਾਜ ਤੱਕ ਸੀਮਤ ਨਹੀਂ ਹੈ, ਸਗੋਂ ਇਸ ਵਿੱਚ ਸੱਭਿਆਚਾਰ, ਪਰਿਵਾਰ ਅਤੇ ਭਾਈਚਾਰੇ ਨਾਲ ਮੁੜ ਜੁੜਨਾ ਵੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਲੋਕਾਂ ਵਿੱਚ ਉਮੀਦ ਅਤੇ ਜੀਵਨ ਪ੍ਰਤੀ ਨਵਾਂ ਮਕਸਦ ਪੈਦਾ ਕਰਨ ਵਿੱਚ ਮਦਦ ਕਰੇਗਾ।

ਕੇਂਦਰ ਵਿੱਚ ਪਹਿਲੇ ਮਰੀਜ਼ਾਂ ਦਾ ਇਲਾਜ ਇਸ ਸਾਲ ਦਸੰਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਮਰੀਜ਼ਾਂ ਨੂੰ ਸਬੂਤ-ਆਧਾਰਿਤ ਇਲਾਜ ਅਤੇ ਹੋਰ ਸਹਾਇਕ ਸੇਵਾਵਾਂ ਮਿਲਣਗੀਆਂ। ਲੋੜ ਅਨੁਸਾਰ ਉਹ ਇੱਕ ਸਾਲ ਤੱਕ ਕੇਂਦਰ ਵਿੱਚ ਰਹਿ ਸਕਣਗੇ। ਇੱਥੇ ਨਸ਼ਿਆਂ ਦੀ ਵਰਤੋਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਦੇ ਨਾਲ ਸਿਹਤਮੰਦ ਆਦਤਾਂ, ਸਮਾਜਿਕ ਹੁਨਰ ਅਤੇ ਰੁਜ਼ਗਾਰ ਲਈ ਲੋੜੀਂਦੀ ਸਿਖਲਾਈ ਉੱਤੇ ਵੀ ਧਿਆਨ ਦਿੱਤਾ ਜਾਵੇਗਾ।

ਸਵਦੇਸ਼ੀ ਸਬੰਧਾਂ ਬਾਰੇ ਮੰਤਰੀ ਰਾਜਨ ਸਹਿਨੀ ਨੇ ਕਿਹਾ ਕਿ ਇਹ ਕੇਂਦਰ ਲੋਕਾਂ ਨੂੰ ਆਪਣੇ ਪਰਿਵਾਰ, ਸੱਭਿਆਚਾਰ ਅਤੇ ਰਵਾਇਤਾਂ ਨਾਲ ਜੁੜੇ ਰਹਿੰਦਿਆਂ ਨਸ਼ਾ ਮੁਕਤੀ ਵੱਲ ਵਧਣ ਦਾ ਮੌਕਾ ਦੇਵੇਗਾ।

ਅਲਬਰਟਾ ਸਰਕਾਰ ਮੁਤਾਬਕ, ਸਵਦੇਸ਼ੀ ਭਾਈਚਾਰਿਆਂ ਦੀ ਭਾਈਵਾਲੀ ਨਾਲ ਪੰਜ ਰਿਕਵਰੀ ਕੇਂਦਰ ਬਣਾਉਣ ਲਈ ਹੁਣ ਤੱਕ ਲਗਭਗ 18 ਕਰੋੜ ਡਾਲਰ ਦੀ ਪੂੰਜੀ ਲਾਗਤ ਦਾ ਨਿਵੇਸ਼ ਕੀਤਾ ਗਿਆ ਹੈ। ਸਾਲ 2026 ਦੇ ਬਜਟ ਵਿੱਚ ਇਨ੍ਹਾਂ ਕੇਂਦਰਾਂ ਦੇ ਸੰਚਾਲਨ ਲਈ ਲਗਭਗ 3 ਕਰੋੜ ਡਾਲਰ ਰੱਖੇ ਗਏ ਹਨ। ਸਾਰੇ ਕੇਂਦਰ ਚਾਲੂ ਹੋਣ ਮਗਰੋਂ ਨਸ਼ਾ ਮੁਕਤੀ ਪ੍ਰਣਾਲੀ ਵਿੱਚ 375 ਤੋਂ ਵੱਧ ਨਵੇਂ ਬਿਸਤਰੇ ਸ਼ਾਮਲ ਹੋਣਗੇ ਅਤੇ ਹਰ ਸਾਲ 1,500 ਤੱਕ ਲੋਕਾਂ ਨੂੰ ਇਲਾਜ ਦੀ ਸਹੂਲਤ ਮਿਲ ਸਕੇਗੀ।