420 ਤੋਂ ਵੱਧ ਪੁਲਿਸ ਫਾਈਲਾਂ ਵਾਲਾ ਆਦਤੀ ਅਪਰਾਧੀ ਮੁੜ ਜੇਲ੍ਹ ਭੇਜਿਆ
ਕੈਲੋਨਾ (ਬੀ.ਸੀ.)-ਬ੍ਰਿਟਿਸ਼ ਕੋਲੰਬੀਆ ਦੇ ਕੈਲੋਨਾ ਸ਼ਹਿਰ ਦੇ ਆਦਤੀ ਅਪਰਾਧੀ ਜਸਟਿਨ ਵੇਨ ਕੋਲਿਨਜ਼ (49) ਨੂੰ ਤਾਜ਼ਾ ਮਾਮਲਿਆਂ ਵਿੱਚ ਦੋਸ਼ ਕਬੂਲ ਕਰਨ ਤੋਂ ਬਾਅਦ ਅਦਾਲਤ ਨੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕੋਲਿਨਜ਼ ਖ਼ਿਲਾਫ਼ ਹੁਣ ਤੱਕ 420 ਤੋਂ ਵੱਧ ਪੁਲਿਸ ਫਾਈਲਾਂ ਅਤੇ 66 ਦੋਸ਼ ਸਾਬਤ ਹੋ ਚੁੱਕੇ ਹਨ।
ਅਦਾਲਤ ਵਿੱਚ ਦੱਸਿਆ ਗਿਆ ਕਿ 16 ਫਰਵਰੀ ਨੂੰ ਜੇਲ੍ਹ ਤੋਂ ਰਿਹਾਅ ਹੋਣ ਦੇ ਤਿੰਨ ਦਿਨ ਬਾਅਦ ਉਹ ਡੈਲਟਾ ਗ੍ਰੈਂਡ ਹੋਟਲ ਵਿੱਚ ਦਾਖਲ ਹੋ ਕੇ ਨੰਗਾ ਹੋ ਕੇ ਹਾਟ ਟੱਬ ਵਿੱਚ ਬੈਠ ਗਿਆ ਸੀ। ਇਸ ਤੋਂ ਇਲਾਵਾ ਉਸ ਨੇ ਹੋਟਲ ਦੇ ਕੈਫੇ ਵਿੱਚ ਹੰਗਾਮਾ ਕੀਤਾ ਅਤੇ ਬਾਅਦ ਵਿੱਚ ਟੀਡੀ ਬੈਂਕ ਤੋਂ ਇੱਕ ਸਜਾਵਟੀ ਕੁਰਸੀ ਦਾ ਕੁਸ਼ਨ ਵੀ ਚੁੱਕ ਲਿਆ।
ਸਰਕਾਰੀ ਵਕੀਲ ਨੇ ਦੱਸਿਆ ਕਿ 2022 ਤੋਂ ਬਾਅਦ ਕੋਲਿਨਜ਼ ਜੇਲ੍ਹ ਤੋਂ ਬਾਹਰ 40 ਦਿਨਾਂ ਤੋਂ ਵੱਧ ਨਹੀਂ ਰਿਹਾ ਅਤੇ ਔਸਤ ਹਰ ਛੇ ਦਿਨਾਂ ਬਾਅਦ ਨਵਾਂ ਅਪਰਾਧ ਕਰਦਾ ਰਿਹਾ ਹੈ।ਬਚਾਅ ਪੱਖ ਨੇ ਕਿਹਾ ਕਿ ਕੋਲਿਨਜ਼ ਬੇਘਰ ਹੈ ਅਤੇ ਨਸ਼ੇ ਦੀ ਲਤ, ਮਾਨਸਿਕ ਸਿਹਤ ਸਮੱਸਿਆਵਾਂ ਅਤੇ ਹੋਰ ਬਿਮਾਰੀਆਂ ਨਾਲ ਜੂਝ ਰਿਹਾ ਹੈ। ਕੋਲਿਨਜ਼ ਨੇ ਅਦਾਲਤ ਨੂੰ ਦੱਸਿਆ ਕਿ ਉਹ ਜੇਲ੍ਹ ਵਿੱਚ ਨਸ਼ਾ ਛੁਡਾਉ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਆਪਣੀ ਜ਼ਿੰਦਗੀ ਬਦਲਣਾ ਚਾਹੁੰਦਾ ਹੈ।
ਅਦਾਲਤ ਨੇ ਹਿਰਾਸਤ ਵਿੱਚ ਬਿਤਾਏ ਸਮੇਂ ਦਾ ਲਾਭ ਦਿੰਦਿਆਂ ਉਸ ਨੂੰ ਬਾਕੀ ਰਹਿੰਦੇ 100 ਦਿਨ ਜੇਲ੍ਹ ਵਿੱਚ ਕੱਟਣ ਅਤੇ ਇਸ ਤੋਂ ਬਾਅਦ 18 ਮਹੀਨੇ ਦੀ ਪ੍ਰੋਬੇਸ਼ਨ 'ਤੇ ਰਹਿਣ ਦੇ ਹੁਕਮ ਦਿੱਤੇ ਹਨ। ਪ੍ਰੋਬੇਸ਼ਨ ਦੌਰਾਨ ਉਸ ਨੂੰ ਡੈਲਟਾ ਗ੍ਰੈਂਡ ਹੋਟਲ ਅਤੇ ਡਾਊਨਟਾਊਨ ਟੀਡੀ ਬੈਂਕ ਦੇ ਨੇੜੇ ਜਾਣ 'ਤੇ ਪਾਬੰਦੀ ਰਹੇਗੀ।
















