ਕੈਲਗਰੀ ਦੇ ਚਾਈਲਡ ਕੇਅਰ ਸੈਂਟਰ ਨੂੰ ਮਿਲਿਆ ਪ੍ਰੋਬੇਸ਼ਨਰੀ ਲਾਇਸੈਂਸ
ਕੈਲਗਰੀ-ਅਲਬਰਟਾ ਸਰਕਾਰ ਦੇ ਸਿੱਖਿਆ ਅਤੇ ਚਾਈਲਡ ਕੇਅਰ ਵਿਭਾਗ ਵੱਲੋਂ ਕੈਲਗਰੀ ਦੇ “ਫਿਟ ਕਿਡਜ਼ ਕੇਅਰ” ਚਾਈਲਡ ਕੇਅਰ ਪ੍ਰੋਗਰਾਮ (108, 8060 ਸਿਲਵਰ ਸਪ੍ਰਿੰਗਜ਼ ਬੁਲੇਵਾਰਡ ਐਨ.ਡਬਲਯੂ.) ਨੂੰ ਪ੍ਰੋਬੇਸ਼ਨਰੀ ਲਾਇਸੈਂਸ ਜਾਰੀ ਕੀਤਾ ਗਿਆ ਹੈ। ਇਹ ਲਾਇਸੈਂਸ 2 ਸਤੰਬਰ ਤੱਕ ਪ੍ਰਭਾਵੀ ਰਹੇਗਾ।ਸਰਕਾਰ ਅਨੁਸਾਰ ਚਾਈਲਡ ਕੇਅਰ ਸੈਂਟਰ ਵੱਲੋਂ ਸੂਬਾਈ ਮਿਆਰਾਂ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਸੀ। ਇਨ੍ਹਾਂ ਵਿੱਚ ਬੱਚਿਆਂ ਦੀ ਢੰਗ ਨਾਲ ਨਿਗਰਾਨੀ ਨਾ ਕਰਨਾ, ਘਟਨਾਵਾਂ ਦੀ ਰਿਪੋਰਟ ਨਾ ਦੇਣਾ ਅਤੇ ਬੱਚਿਆਂ ਨਾਲ ਗਲਤ ਤਰੀਕੇ ਨਾਲ ਵਿਵਹਾਰ ਸੁਧਾਰਨ ਦੇ ਮਾਮਲੇ ਸ਼ਾਮਲ ਹਨ।
ਐਜੂਕੇਸ਼ਨ ਐਂਡ ਚਾਈਲਡ ਕੇਅਰ ਵਿਭਾਗ ਨੇ ਕਿਹਾ ਹੈ ਕਿ ਸੈਂਟਰ ਦੀ ਕਾਰਗੁਜ਼ਾਰੀ ’ਤੇ ਨਜ਼ਦੀਕੀ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਸਾਰੇ ਸੂਬਾਈ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਬੱਚਿਆਂ ਦੀ ਸੁਰੱਖਿਆ ਲਈ ਇੱਕ ਵਿਸ਼ੇਸ਼ ਸੇਫਟੀ ਪਲਾਨ ਵੀ ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਬੱਚਿਆਂ ਦੀ ਸਹੀ ਨਿਗਰਾਨੀ ਅਤੇ ਉਚਿਤ ਢੰਗ ਨਾਲ ਵਿਵਹਾਰ ਸੁਧਾਰਨ ਦੀ ਪ੍ਰਕਿਰਿਆ ਯਕੀਨੀ ਬਣਾਈ ਜਾਵੇਗੀ।
ਲਾਇਸੈਂਸ ਹੋਲਡਰ ਨੂੰ ਸਾਰੇ ਮਾਪਿਆਂ ਨੂੰ ਪ੍ਰੋਬੇਸ਼ਨਰੀ ਸਥਿਤੀ ਬਾਰੇ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ ਅਤੇ ਇਸ ਸਬੰਧੀ ਸਬੂਤ ਵੀ ਸਿੱਖਿਆ ਅਤੇ ਚਾਈਲਡ ਕੇਅਰ ਮੰਤਰਾਲੇ ਨੂੰ ਮੁਹੱਈਆ ਕਰਵਾਉਣੇ ਪੈਣਗੇ।ਸਰਕਾਰ ਨੇ ਕਿਹਾ ਕਿ ਜੇਕਰ “ਫਿਟ ਕਿਡਜ਼ ਕੇਅਰ” 2 ਸਤੰਬਰ ਤੱਕ ਸੂਬਾਈ ਮਿਆਰਾਂ ਅਨੁਸਾਰ ਆਪਣੀ ਕਾਰਗੁਜ਼ਾਰੀ ਠੀਕ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਇਸ ਦਾ ਲਾਇਸੈਂਸ ਮੁੜ ਬਹਾਲ ਨਹੀਂ ਕੀਤਾ ਜਾਵੇਗਾ।ਅਲਬਰਟਾ ਸਰਕਾਰ ਚਾਈਲਡ ਕੇਅਰ ਪ੍ਰੋਗਰਾਮਾਂ ਦੀ ਨਿਗਰਾਨੀ Early Learning and Child Care Act ਅਤੇ ਉਸ ਨਾਲ ਸੰਬੰਧਤ ਨਿਯਮਾਂ ਤਹਿਤ ਕਰਦੀ ਹੈ। ਨਿਯਮਾਂ ਦੀ ਉਲੰਘਣਾ ਹੋਣ ’ਤੇ ਸਰਕਾਰ ਵੱਲੋਂ ਪ੍ਰੋਬੇਸ਼ਨ ਆਰਡਰ, ਲਾਇਸੈਂਸ ਸਸਪੈਂਸ਼ਨ, ਰੱਦਗੀ ਜਾਂ ਜੁਰਮਾਨਿਆਂ ਵਰਗੀ ਕਾਰਵਾਈ ਕੀਤੀ ਜਾ ਸਕਦੀ ਹੈ।ਜਿਹੜੇ ਮਾਪੇ ਹੋਰ ਚਾਈਲਡ ਕੇਅਰ ਵਿਕਲਪ ਲੱਭਣਾ ਚਾਹੁੰਦੇ ਹਨ, ਉਹ Childcare Connect ਦੀ ਟੋਲ-ਫ੍ਰੀ ਸੇਵਾ 1-844-644-5165 ’ਤੇ ਸੰਪਰਕ ਕਰ ਸਕਦੇ ਹਨ ਜਾਂ ਆਨਲਾਈਨ Child Care Lookup Tool ਦੀ ਮਦਦ ਲੈ ਸਕਦੇ ਹਨ।
















