ਖਾਦ ਪਦਾਰਥਾਂ ‘ਤੇ ਲਾਗੂ ਟੈਕਸ ਰੱਦ ਕਰਨ ਦੀ ਪੀਅਰ ਪੋਲੀਏਵਰ ਵੱਲੋਂ ਮੰਗ
ਓਟਵਾ — ਪੀਅਰ ਪੋਲੀਏਵਰ ਨੇ ਖਾਣ-ਪੀਣ ਨਾਲ ਸੰਬੰਧਿਤ ਟੈਕਸਾਂ ਨੂੰ ਵਾਪਿਸ ਲੈਣ ਦੀ ਮੰਗ ਕਰਦਿਆਂ ਸਰਕਾਰ ਨੂੰ ਖੁਰਾਕ ਦੀ ਕਿਫ਼ਾਇਤੀ ਯੋਜਨਾ ਲਾਗੂ ਕਰਨ ਦੀ ਅਪੀਲ ਕੀਤੀ ਹੈ। ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੋਲੀਏਵਰ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਭੇਜੇ ਪੱਤਰ ਵਿੱਚ ਕਿਹਾ ਕਿ ਗਰੌਸਰੀ ਸਟੋਰਾਂ ਵਿੱਚ ਮੁਕਾਬਲਾ ਵਧਾਇਆ ਜਾਵੇ ਅਤੇ ਉਤਪਾਦਨ ਤੇ ਪੈਕਿੰਗ ‘ਤੇ ਲੱਗੇ ਲੁਕੇ ਟੈਕਸ ਖਤਮ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਕੈਨੇਡਾ ਦੇ ਲੋਕ ਹਰ ਹਫ਼ਤੇ ਰਾਸ਼ਣ ਖਰੀਦਣ ਜਾਂਦੇ ਸਮੇਂ ਪਹਿਲਾਂ ਨਾਲੋਂ ਕਾਫ਼ੀ ਵੱਧ ਕੀਮਤਾਂ ਦਾ ਸਾਹਮਣਾ ਕਰ ਰਹੇ ਹਨ। ਪੋਲੀਏਵਰ ਮੁਤਾਬਕ ਪਿਛਲੇ ਇੱਕ ਸਾਲ ਵਿੱਚ ਫੂਡ ਪਦਾਰਥਾਂ ਦੀਆਂ ਕੀਮਤਾਂ ਲਗਭਗ 7.3 ਫੀਸਦੀ ਵਧੀਆਂ ਹਨ ਅਤੇ ਹਾਲੀਆ ਸਾਲਾਂ ਵਿੱਚ ਕੈਨੇਡਾ ਵਿੱਚ ਜੀ-7 ਦੇਸ਼ਾਂ ਵਿੱਚ ਸਭ ਤੋਂ ਵੱਧ ਫੂਡ ਮਹਿੰਗਾਈ ਦਰਜ ਹੋਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਜਨਵਰੀ 2025 ਨਾਲ ਤੁਲਨਾ ਕਰਨ ‘ਤੇ ਕਾਫੀ ਦੀ ਕੀਮਤ ਕਰੀਬ 30 ਫੀਸਦੀ ਅਤੇ ਮੀਟ ਦੀ ਕੀਮਤ ਲਗਭਗ 19 ਫੀਸਦੀ ਵਧੀ ਹੈ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬੈਂਕ ਆਫ ਕੈਨੇਡਾ ਨੇ ਕਿਹਾ ਸੀ ਕਿ 2025 ਵਿੱਚ ਗਰੌਸਰੀ ਕੀਮਤਾਂ ਵਿੱਚ ਵਾਧਾ ਮੁੱਖ ਤੌਰ ‘ਤੇ ਆਯਾਤ ਕੀਤੇ ਸਮਾਨ ਕਾਰਨ ਹੋਇਆ। 2022 ਤੋਂ ਹੁਣ ਤੱਕ ਕੀਮਤਾਂ ਵਿੱਚ ਲਗਭਗ 22 ਫੀਸਦੀ ਵਾਧਾ ਹੋਇਆ ਹੈ, ਜਦਕਿ ਹੋਰ ਖਪਤਕਾਰ ਕੀਮਤਾਂ ਵਿੱਚ ਔਸਤ 13 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਪੋਲੀਏਵਰ ਨੇ ਕਿਹਾ ਕਿ ਮਹਿੰਗਾਈ ਦਾ ਅਸਰ ਸਿਰਫ਼ ਗਰੌਸਰੀ ਸਟੋਰਾਂ ਤੱਕ ਸੀਮਤ ਨਹੀਂ ਰਹਿ ਗਿਆ। ਫਾਸਟ-ਫੂਡ ਦੁਪਹਿਰ ਦੇ ਖਾਣੇ ਜਾਂ ਬਾਹਰੋਂ ਮੰਗਵਾਏ ਭੋਜਨ ਦੀ ਕੀਮਤ ਕਰੀਬ 14 ਫੀਸਦੀ ਵਧ ਚੁੱਕੀ ਹੈ, ਜਦਕਿ ਰੈਸਟੋਰੈਂਟਾਂ ਵਿੱਚ ਭੋਜਨ ਦੀਆਂ ਕੀਮਤਾਂ ਪਿਛਲੇ 12 ਮਹੀਨਿਆਂ ਵਿੱਚ ਲਗਭਗ 12.3 ਫੀਸਦੀ ਵਧੀਆਂ ਹਨ।
















