ਭਾਰਤ ਵੱਲੋਂ ਬਲਕ ਸਕੌਚ ਵਿਸਕੀ ਦੀ ਦਰਾਮਦ ’ਤੇ 162.5 ਫ਼ੀਸਦੀ ਡਿਊਟੀ ਲਾਗੂ

India has imposed an effective 162.5% duty on bulk Scotch whisky imports amid a customs classification dispute with the UK.

ਭਾਰਤ ਵੱਲੋਂ ਬਲਕ ਸਕੌਚ ਵਿਸਕੀ ਦੀ ਦਰਾਮਦ ’ਤੇ 162.5 ਫ਼ੀਸਦੀ ਡਿਊਟੀ ਲਾਗੂ

ਨਵੀਂ ਦਿੱਲੀ-ਭਾਰਤ ਅਤੇ ਬਰਤਾਨੀਆ ਵਿਚਾਲੇ ਵਪਾਰ ਸਮਝੌਤੇ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਭਾਰਤ ਨੇ ਬਲਕ ਸਕੌਚ ਵਿਸਕੀ ਦੀ ਦਰਾਮਦ ’ਤੇ ਪ੍ਰਭਾਵੀ ਡਿਊਟੀ ਵਧਾ ਕੇ 162.5 ਫ਼ੀਸਦੀ ਕਰ ਦਿੱਤੀ ਹੈ। ਇਹ ਦਰ ਪਹਿਲਾਂ ਲਾਗੂ 150 ਫ਼ੀਸਦੀ ਡਿਊਟੀ ਨਾਲੋਂ ਵੀ ਵੱਧ ਹੈ। ਇਸ ਕਦਮ ਨਾਲ ਸ਼ਰਾਬ ਉਦਯੋਗ ਦੀਆਂ ਕੰਪਨੀਆਂ ਨੂੰ ਵੱਡਾ ਝਟਕਾ ਲੱਗਾ ਹੈ।

ਭਾਰਤ-ਬਰਤਾਨੀਆ ਵਪਾਰ ਸਮਝੌਤਾ ਜੁਲਾਈ ਵਿੱਚ ਲਾਗੂ ਹੋਣ ਤੋਂ ਬਾਅਦ ਸਕੌਚ ਵਿਸਕੀ ’ਤੇ ਦਰਾਮਦ ਡਿਊਟੀ ਘਟਾ ਕੇ 75 ਫ਼ੀਸਦੀ ਕੀਤੀ ਗਈ ਸੀ। ਪਰ ਭਾਰਤੀ ਜਾਂਚ ਅਧਿਕਾਰੀਆਂ ਨੇ ਇਤਰਾਜ਼ ਜਤਾਇਆ ਹੈ ਕਿ ਕੁਝ ਕੰਪਨੀਆਂ ਬਲਕ ਸਕੌਚ ਦੇ ਮਿਸ਼ਰਣ ਨੂੰ ਗਲਤ ਕਸਟਮ ਸ਼੍ਰੇਣੀ ਤਹਿਤ ਦਰਾਮਦ ਕਰ ਰਹੀਆਂ ਹਨ। ਅਧਿਕਾਰੀਆਂ ਅਨੁਸਾਰ ਮਈ ਤੋਂ ਅਜਿਹੀ ਦਰਾਮਦ ਨੂੰ ‘ਕੰਪਾਊਂਡ ਅਲਕੋਹਲਿਕ ਪ੍ਰਿਪਰੇਸ਼ਨਜ਼’ ਦੀ ਨਵੀਂ ਕਸਟਮ ਸ਼੍ਰੇਣੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਜਿਸ ’ਤੇ 150 ਫ਼ੀਸਦੀ ਡਿਊਟੀ ਲੱਗਦੀ ਹੈ। ਇਸ ਦੇ ਨਾਲ ਸਥਾਨਕ ਖਪਤ ਟੈਕਸ ਜੋੜਨ ਮਗਰੋਂ ਕੁੱਲ ਡਿਊਟੀ 162.5 ਫ਼ੀਸਦੀ ਬਣ ਜਾਂਦੀ ਹੈ।

ਇਸ ਵਿਵਾਦ ਕਾਰਨ ਪਰਨੋਡ ਰਿਕਾਰਡ, ਡਿਆਜੀਓ ਅਤੇ ਬਕਾਰਡੀ ਦੀ ਮਲਕੀਅਤ ਵਾਲੇ 80 ਤੋਂ ਵੱਧ ਕੰਟੇਨਰਾਂ ਵਿੱਚ ਪਈ ਹਜ਼ਾਰਾਂ ਲੀਟਰ ਬਲਕ ਸਕੌਚ ਵਿਸਕੀ ਬੰਦਰਗਾਹਾਂ ’ਤੇ ਫਸੀ ਹੋਈ ਹੈ। ਅਸਥਾਈ ਤੌਰ ’ਤੇ ਮਾਲ ਛੁਡਵਾਉਣ ਲਈ ਕੰਪਨੀਆਂ ਨੂੰ ਮਾਲ ਦੀ ਕੀਮਤ ਦਾ 75 ਫ਼ੀਸਦੀ ਡਿਊਟੀ ਵਜੋਂ ਜਮ੍ਹਾਂ ਕਰਵਾਉਣਾ ਪਵੇਗਾ ਅਤੇ ਬਾਕੀ ਰਕਮ ਲਈ ਬੈਂਕ ਗਾਰੰਟੀ ਦੇਣੀ ਹੋਵੇਗੀ।

ਪਰਨੋਡ ਅਤੇ ਡਿਆਜੀਓ ਸਮੇਤ ਕਈ ਕੰਪਨੀਆਂ ਦਾ ਕਹਿਣਾ ਹੈ ਕਿ ਬਲਕ ਅਤੇ ਬੋਤਲਬੰਦ ਦੋਵਾਂ ਤਰ੍ਹਾਂ ਦੀ ਸਕੌਚ ਦਰਾਮਦ ’ਤੇ ਵਪਾਰ ਸਮਝੌਤੇ ਅਨੁਸਾਰ 75 ਫ਼ੀਸਦੀ ਡਿਊਟੀ ਹੀ ਲਾਗੂ ਹੋਣੀ ਚਾਹੀਦੀ ਹੈ। ਪਰਨੋਡ ਅਤੇ ਡਿਆਜੀਓ ਨੇ ਆਪਣੇ ਕੰਟੇਨਰ ਛੁਡਵਾਉਣ ਲਈ ਬੈਂਕ ਗਾਰੰਟੀਆਂ ਅਤੇ ਹੋਰ ਵਿੱਤੀ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ, ਜਦਕਿ ਬਕਾਰਡੀ ਹਾਲੇ ਅਗਲੇ ਕਦਮ ਬਾਰੇ ਵਿਚਾਰ ਕਰ ਰਹੀ ਹੈ।

ਇਸ ਮਾਮਲੇ ਨਾਲ ਭਾਰਤੀ ਕੰਪਨੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਰੈਡੀਕੋ ਖੈਤਾਨ, ਅਲਾਇਡ ਬਲੈਂਡਰਜ਼ ਐਂਡ ਡਿਸਟਿਲਰਜ਼ ਅਤੇ ਤਿਲਕਨਗਰ ਇੰਡਸਟਰੀਜ਼ ਵਰਗੀਆਂ ਕੰਪਨੀਆਂ ਵੀ ਬਲਕ ਸਕੌਚ ਦਰਾਮਦ ਕਰਦੀਆਂ ਹਨ ਅਤੇ ਜਾਂਚ ਦੇ ਘੇਰੇ ਵਿੱਚ ਹਨ। ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਛੋਟੀਆਂ ਕੰਪਨੀਆਂ ਲਈ ਬੈਂਕ ਗਾਰੰਟੀ ਦਾ ਪ੍ਰਬੰਧ ਕਰਨਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਦੀ ਕਾਰਜਕਾਰੀ ਪੂੰਜੀ ’ਤੇ ਦਬਾਅ ਪਵੇਗਾ ਅਤੇ ਉਤਪਾਦਨ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।

ਬਰਤਾਨੀਆ ਤੋਂ ਦਰਾਮਦ ਹੋਣ ਵਾਲੀ ਸਕੌਚ ਵਿਸਕੀ ਦਾ ਲਗਭਗ 80 ਫ਼ੀਸਦੀ ਹਿੱਸਾ ਮਾਤਰਾ ਦੇ ਹਿਸਾਬ ਨਾਲ ਬਲਕ ਰੂਪ ਵਿੱਚ ਆਉਂਦਾ ਹੈ। ਭਾਰਤ ਸਕੌਚ ਵਿਸਕੀ ਦੀ ਮਾਤਰਾ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਇਸ ਬਲਕ ਵਿਸਕੀ ਦਾ ਵੱਡਾ ਹਿੱਸਾ ਭਾਰਤ ਵਿੱਚ ਬਣਨ ਵਾਲੀ ਵਿਦੇਸ਼ੀ ਸ਼ਰਾਬ (ਆਈਐੱਮਐੱਫਐੱਲ) ਵਿੱਚ ਮਿਲਾਉਣ ਲਈ ਵਰਤਿਆ ਜਾਂਦਾ ਹੈ।

ਬਰਤਾਨਵੀ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਮਸਲੇ ਦੇ ਹੱਲ ਲਈ ਨਵੀਂ ਦਿੱਲੀ ਨਾਲ ਗੱਲਬਾਤ ਕਰ ਰਹੀ ਹੈ। ਭਾਰਤ ਨੇ ਵੀ ਵਿਵਾਦ ਜਲਦੀ ਸੁਲਝਾਉਣ ਦੀ ਗੱਲ ਕਹੀ ਹੈ। ਭਾਰਤੀ ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਗਲਤ ਕਸਟਮ ਵਰਗੀਕਰਨ ਨਾਲ ਸਰਕਾਰੀ ਮਾਲੀਏ ਨੂੰ ਨੁਕਸਾਨ ਹੋ ਸਕਦਾ ਹੈ।