2030 ਵਿਸ਼ਵ ਕੱਪ: ਕੀ ਸਪੇਨ ਦੀ ਬਾਦਸ਼ਾਹੀ ਜਾਰੀ ਰਹੇਗੀ ਜਾਂ ਕੋਈ ਨਵਾਂ ਚੈਂਪੀਅਨ ਉਭਰੇਗਾ?

2030 ਵਿਸ਼ਵ ਕੱਪ: ਕੀ ਸਪੇਨ ਦੀ ਬਾਦਸ਼ਾਹੀ ਜਾਰੀ ਰਹੇਗੀ ਜਾਂ ਕੋਈ ਨਵਾਂ ਚੈਂਪੀਅਨ ਉਭਰੇਗਾ?

ਨਵੀਂ ਦਿੱਲੀ: 2026 ਫੀਫਾ ਵਿਸ਼ਵ ਕੱਪ ਦੇ ਸਮਾਪਤ ਹੁੰਦੇ ਹੀ ਫੁੱਟਬਾਲ ਜਗਤ ਵਿੱਚ 2030 ਵਿਸ਼ਵ ਕੱਪ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਮੌਜੂਦਾ ਚੈਂਪੀਅਨ ਸਪੇਨ ਨੂੰ ਅਗਲੇ ਵਿਸ਼ਵ ਕੱਪ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਨੌਜਵਾਨ ਖਿਡਾਰੀਆਂ ਨਾਲ ਭਰਪੂਰ ਟੀਮ ਅਤੇ ਮਜ਼ਬੂਤ ਕੋਚਿੰਗ ਸੈੱਟਅਪ ਕਾਰਨ ਸਪੇਨ ਦਾ ਭਵਿੱਖ ਕਾਫ਼ੀ ਰੌਸ਼ਨ ਦਿਖਾਈ ਦੇ ਰਿਹਾ ਹੈ।

2030 ਦਾ ਵਿਸ਼ਵ ਕੱਪ ਫੁੱਟਬਾਲ ਇਤਿਹਾਸ ਦਾ ਸਭ ਤੋਂ ਵਿਲੱਖਣ ਟੂਰਨਾਮੈਂਟ ਹੋ ਸਕਦਾ ਹੈ। ਮੁੱਖ ਮੇਜ਼ਬਾਨੀ ਸਪੇਨ, ਪੁਰਤਗਾਲ ਅਤੇ ਮੋਰੱਕੋ ਕਰਨਗੇ, ਜਦਕਿ ਵਿਸ਼ਵ ਕੱਪ ਦੇ 100 ਸਾਲ ਪੂਰੇ ਹੋਣ ਦੇ ਮੌਕੇ ਉਰੂਗਵੇ, ਅਰਜਨਟੀਨਾ ਅਤੇ ਪੈਰਾਗਵੇ ਵਿੱਚ ਵੀ ਇੱਕ-ਇੱਕ ਯਾਦਗਾਰੀ ਮੈਚ ਖੇਡਿਆ ਜਾਵੇਗਾ।

ਫੀਫਾ 2030 ਵਿਸ਼ਵ ਕੱਪ ਵਿੱਚ ਟੀਮਾਂ ਦੀ ਗਿਣਤੀ 48 ਤੋਂ ਵਧਾ ਕੇ 64 ਕਰਨ ਦੇ ਪ੍ਰਸਤਾਵ 'ਤੇ ਵੀ ਵਿਚਾਰ ਕਰ ਰਿਹਾ ਹੈ। ਜੇਕਰ ਇਹ ਯੋਜਨਾ ਮਨਜ਼ੂਰ ਹੋ ਜਾਂਦੀ ਹੈ ਤਾਂ ਹੋਰ ਦੇਸ਼ਾਂ ਨੂੰ ਵੀ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਖੇਡਣ ਦਾ ਮੌਕਾ ਮਿਲ ਸਕੇਗਾ।ਸਪੇਨ ਦੀ ਮੌਜੂਦਾ ਟੀਮ ਨੂੰ ਆਉਣ ਵਾਲੇ ਸਾਲਾਂ ਵਿੱਚ ਹੋਰ ਮਜ਼ਬੂਤ ਮੰਨਿਆ ਜਾ ਰਿਹਾ ਹੈ। ਰੋਡਰੀ, ਪਾਉ ਕੁਬਾਰਸੀ ਅਤੇ ਲਾਮੀਨ ਯਾਮਾਲ ਵਰਗੇ ਖਿਡਾਰੀ 2030 ਤੱਕ ਆਪਣੇ ਕਰੀਅਰ ਦੇ ਸ਼ਾਨਦਾਰ ਦੌਰ ਵਿੱਚ ਹੋਣਗੇ। ਜੇਕਰ ਕੋਚ ਲੁਈਸ ਡੇ ਲਾ ਫੁਏਂਤੇ ਟੀਮ ਨਾਲ ਬਣੇ ਰਹਿੰਦੇ ਹਨ ਤਾਂ ਸਪੇਨ ਖ਼ਿਤਾਬ ਬਚਾਉਣ ਲਈ ਸਭ ਤੋਂ ਵੱਡਾ ਦਾਅਵੇਦਾਰ ਹੋਵੇਗਾ।

ਦੂਜੇ ਪਾਸੇ ਫਰਾਂਸ ਵੀ ਸਪੇਨ ਲਈ ਸਖ਼ਤ ਚੁਣੌਤੀ ਬਣ ਸਕਦਾ ਹੈ। ਕਿਲੀਅਨ ਐਮਬਾਪੇ, ਉਸਮਾਨ ਡੈਂਬੇਲੇ, ਡੇਜ਼ੀਰੇ ਡੂਏ ਅਤੇ ਬ੍ਰੈਡਲੀ ਬਾਰਕੋਲਾ ਵਰਗੇ ਖਿਡਾਰੀ ਆਪਣੇ ਸਿਖਰ 'ਤੇ ਹੋਣਗੇ। ਜੇਕਰ ਜ਼ਿਨੇਦੀਨ ਜ਼ਿਦਾਨ ਟੀਮ ਦੀ ਕਮਾਨ ਸੰਭਾਲਦੇ ਹਨ ਤਾਂ ਫਰਾਂਸ ਹੋਰ ਵੀ ਖ਼ਤਰਨਾਕ ਟੀਮ ਬਣ ਸਕਦੀ ਹੈ।ਇੰਗਲੈਂਡ ਅਤੇ ਜਰਮਨੀ ਨੂੰ ਵੀ ਮਜ਼ਬੂਤ ਦਾਅਵੇਦਾਰਾਂ ਵਿੱਚ ਗਿਣਿਆ ਜਾ ਰਿਹਾ ਹੈ। ਜਰਮਨੀ ਨਾਲ ਯੁਰਗਨ ਕਲੌਪ ਦੇ ਜੁੜਨ ਦੀਆਂ ਸੰਭਾਵਨਾਵਾਂ ਵੀ ਚਰਚਾ ਵਿੱਚ ਹਨ, ਜਦਕਿ ਇੰਗਲੈਂਡ ਦੀ ਨੌਜਵਾਨ ਟੀਮ ਅਗਲੇ ਚਾਰ ਸਾਲਾਂ ਵਿੱਚ ਹੋਰ ਤਜਰਬੇਕਾਰ ਹੋ ਜਾਵੇਗੀ।

ਉੱਥੇ ਹੀ ਅਰਜਨਟੀਨਾ ਲਈ 2030 ਵਿਸ਼ਵ ਕੱਪ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋ ਸਕਦਾ ਹੈ। ਲਿਓਨੇਲ ਮੇਸੀ ਦੇ ਟੀਮ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ ਅਤੇ ਟੀਮ ਨੂੰ ਨਵੀਂ ਪੀੜ੍ਹੀ ਦੇ ਆਧਾਰ 'ਤੇ ਦੁਬਾਰਾ ਤਿਆਰ ਕਰਨਾ ਪਵੇਗਾ।ਫਿਲਹਾਲ ਫੁੱਟਬਾਲ ਦੀ ਦੁਨੀਆ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਸਪੇਨ ਆਪਣੀ ਜਿੱਤ ਦੀ ਲੜੀ ਜਾਰੀ ਰੱਖੇਗਾ ਜਾਂ ਕੋਈ ਨਵਾਂ ਚੈਂਪੀਅਨ ਇਤਿਹਾਸ ਰਚੇਗਾ।