ਸਿੱਕਿਮ ਵਿੱਚ 1 ਜੂਨ ਤੋਂ ਲਾਗੂ ਹੋਵੇਗਾ ਆਨੰਦ ਮੈਰਿਜ ਐਕਟ

ਸਿੱਕਿਮ ਵਿੱਚ 1 ਜੂਨ ਤੋਂ ਲਾਗੂ ਹੋਵੇਗਾ ਆਨੰਦ ਮੈਰਿਜ ਐਕਟ

ਨਵੀਂ ਦਿੱਲੀ-ਸਿੱਖ ਭਾਈਚਾਰੇ ਲਈ ਮਹੱਤਵਪੂਰਨ ਮੰਨੀ ਜਾਂਦੀ ਆਨੰਦ ਮੈਰਿਜ ਐਕਟ 1909 ਦੀਆਂ ਧਾਰਾਵਾਂ ਸਿੱਕਿਮ ਵਿੱਚ 1 ਜੂਨ 2026 ਤੋਂ ਲਾਗੂ ਹੋਣ ਜਾ ਰਹੀਆਂ ਹਨ। ਇਸ ਨਾਲ ਸਿੱਖ ਜੋੜੇ ਹੁਣ ‘ਆਨੰਦ ਕਾਰਜ’ ਰੀਤ ਅਨੁਸਾਰ ਹੋਏ ਵਿਆਹਾਂ ਦੀ ਰਜਿਸਟ੍ਰੇਸ਼ਨ ਸਿੱਧੇ ਇਸ ਕਾਨੂੰਨ ਤਹਿਤ ਕਰਵਾ ਸਕਣਗੇ।

ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ 14 ਮਈ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ 1 ਜੂਨ 2026 ਤੋਂ ਸਿੱਕਿਮ ਵਿੱਚ ਆਨੰਦ ਮੈਰਿਜ ਐਕਟ ਲਾਗੂ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਸਿੱਕਿਮ ਸਰਕਾਰ ਨੇ “ਸਿੱਕਿਮ ਆਨੰਦ ਮੈਰਿਜ ਰਜਿਸਟ੍ਰੇਸ਼ਨ ਰੂਲਜ਼ 2026” ਜਾਰੀ ਕਰਕੇ ਵਿਆਹ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਤੈਅ ਕੀਤੀ ਸੀ।

ਇਹ ਫੈਸਲਾ ਸਤੰਬਰ 2025 ਵਿੱਚ ਸੁਪਰੀਮ ਕੋਰਟ ਦੇ ਇਕ ਮਹੱਤਵਪੂਰਨ ਫੈਸਲੇ ਤੋਂ ਬਾਅਦ ਸਾਹਮਣੇ ਆਇਆ। “ਅਮਨਜੋਤ ਸਿੰਘ ਚੱਢਾ ਬਨਾਮ ਯੂਨੀਅਨ ਆਫ ਇੰਡੀਆ” ਮਾਮਲੇ ਵਿੱਚ ਅਦਾਲਤ ਨੇ ਉਹਨਾਂ ਰਾਜਾਂ ਨੂੰ ਨਿਯਮ ਬਣਾਉਣ ਦੇ ਹੁਕਮ ਦਿੱਤੇ ਸਨ ਜਿੱਥੇ ਆਨੰਦ ਮੈਰਿਜ ਐਕਟ ਲਈ ਸਥਾਨਕ ਨਿਯਮ ਨਹੀਂ ਬਣੇ ਹੋਏ ਸਨ।

2012 ਵਿੱਚ ਇਸ ਕਾਨੂੰਨ ਵਿੱਚ ਸੋਧ ਕਰਕੇ ਸੂਬਿਆਂ ਨੂੰ ਵਿਆਹ ਰਜਿਸਟ੍ਰੇਸ਼ਨ ਲਈ ਆਪਣੇ ਨਿਯਮ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਪਰ ਕਈ ਰਾਜਾਂ ਵਿੱਚ ਨਿਯਮ ਨਾ ਹੋਣ ਕਾਰਨ ਸਿੱਖ ਜੋੜਿਆਂ ਨੂੰ ਆਪਣੇ ਵਿਆਹ ਹਿੰਦੂ ਮੈਰਿਜ ਐਕਟ 1955 ਤਹਿਤ ਦਰਜ ਕਰਵਾਉਣੇ ਪੈਂਦੇ ਸਨ।ਸਿੱਖ ਸੰਸਥਾਵਾਂ ਨੇ ਸਿੱਕਿਮ ਵਿੱਚ ਆਨੰਦ ਮੈਰਿਜ ਐਕਟ ਲਾਗੂ ਹੋਣ ਨੂੰ ਭਾਈਚਾਰੇ ਦੀ ਧਾਰਮਿਕ ਅਤੇ ਕਾਨੂੰਨੀ ਪਹਿਚਾਣ ਲਈ ਵੱਡਾ ਕਦਮ ਕਰਾਰ ਦਿੱਤਾ ਹੈ।