ਚਾਂਦੀ ’ਚ 15 ਹਜ਼ਾਰ ਦੀ ਤੇਜ਼ੀ, ਸੋਨਾ ਵੀ 5,000 ਰੁਪਏ ਮਹਿੰਗਾ
ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰਾਂ ਵਿੱਚ ਮਜ਼ਬੂਤ ਖਰੀਦਦਾਰੀ ਦੇ ਰੁਝਾਨ ਦੇ ਚਲਦਿਆਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ। ਬਾਜ਼ਾਰ ਮਾਹਿਰਾਂ ਮੁਤਾਬਕ ਨਿਕਟ ਭਵਿੱਖ ਵਿੱਚ ਕੀਮਤਾਂ ਵਿੱਚ ਗਿਰਾਵਟ ਦੇ ਕੋਈ ਸੰਕੇਤ ਨਹੀਂ ਮਿਲ ਰਹੇ।
ਲਗਾਤਾਰ ਤੀਜੇ ਦਿਨ ਚਾਂਦੀ ਦੀ ਕੀਮਤ 15,000 ਰੁਪਏ ਜਾਂ 4.05 ਫੀਸਦੀ ਦੇ ਵਾਧੇ ਨਾਲ 3,85,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਇਸੇ ਤਰ੍ਹਾਂ ਸਰਾਫ਼ਾ ਬਾਜ਼ਾਰ ਵਿੱਚ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ ਵੀ 5,000 ਰੁਪਏ ਜਾਂ ਤਕਰੀਬਨ 3 ਫੀਸਦੀ ਮਹਿੰਗਾ ਹੋ ਕੇ 1,71,000 ਰੁਪਏ ਪ੍ਰਤੀ 10 ਗ੍ਰਾਮ ’ਤੇ ਦਰਜ ਕੀਤਾ ਗਿਆ।
ਐਚ.ਡੀ.ਐਫ਼.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮਜ਼ਬੂਤ ਅਤੇ ਨਿਰੰਤਰ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਬਣ ਰਹੇ ਨਵੇਂ ਉਤਪ੍ਰੇਰਕ ਤੱਤ ਕੀਮਤਾਂ ਨੂੰ ਉੱਪਰ ਵੱਲ ਧੱਕ ਰਹੇ ਹਨ।
ਉਨ੍ਹਾਂ ਅਨੁਸਾਰ ਭੂ-ਰਾਜਨੀਤਕ ਤਣਾਅ ਅਤੇ ਵਪਾਰ ਨਾਲ ਜੁੜੀ ਅਨਿਸ਼ਚਿਤਤਾ ਕਾਰਨ ਕੀਮਤੀ ਧਾਤਾਂ ਨੂੰ ਸੁਰੱਖਿਅਤ ਨਿਵੇਸ਼ ਵਜੋਂ ਵਧੀਕ ਸਮਰਥਨ ਮਿਲ ਰਿਹਾ ਹੈ, ਜਿਸ ਨਾਲ ਸੋਨੇ ਅਤੇ ਚਾਂਦੀ ਦੀ ਮੰਗ ਵਿੱਚ ਇਜ਼ਾਫ਼ਾ ਹੋ ਰਿਹਾ ਹੈ।
















