ਕੈਲਗਰੀ ਦੇ ਮੇਅਰ ਦਾ ਦਾਅਵਾ, ਅਲਬਰਟਾ ਸਰਕਾਰ ਸਾਈਕਲ ਮਾਰਗਾਂ ਸਬੰਧੀ ਬਿੱਲ ਵਿੱਚ ਕਰੇਗੀ ਸੋਧ

Calgary Mayor Jeromy Farkas expects amendments to Alberta's proposed bike lane legislation, saying the current bill contradicts assurances from Premier Danielle Smith's office that the province would cover removal costs.

ਕੈਲਗਰੀ ਦੇ ਮੇਅਰ ਦਾ ਦਾਅਵਾ, ਅਲਬਰਟਾ ਸਰਕਾਰ ਸਾਈਕਲ ਮਾਰਗਾਂ ਸਬੰਧੀ ਬਿੱਲ ਵਿੱਚ ਕਰੇਗੀ ਸੋਧ

ਕੈਲਗਰੀ-ਕੈਲਗਰੀ ਦੇ ਮੇਅਰ ਜੇਰੋਮੀ ਫਾਰਕਸ ਨੇ ਕਿਹਾ ਹੈ ਕਿ ਅਲਬਰਟਾ ਸਰਕਾਰ ਵੱਲੋਂ ਸਾਈਕਲ ਮਾਰਗਾਂ ਨੂੰ ਹਟਾਉਣ ਸਬੰਧੀ ਪੇਸ਼ ਕੀਤੇ ਗਏ ਪ੍ਰਸਤਾਵਿਤ ਬਿੱਲ ਵਿੱਚ ਸੋਧ ਕੀਤੇ ਜਾਣ ਦੀ ਉਮੀਦ ਹੈ। ਉਨ੍ਹਾਂ ਅਨੁਸਾਰ ਮੌਜੂਦਾ ਬਿੱਲ ਵਿੱਚ ਕਈ ਅਜਿਹੀਆਂ ਗੱਲਾਂ ਸ਼ਾਮਲ ਹਨ, ਜੋ ਪ੍ਰੀਮੀਅਰ ਡੈਨੀਅਲ ਸਮਿਥ ਦੇ ਦਫ਼ਤਰ ਵੱਲੋਂ ਦਿੱਤੇ ਭਰੋਸਿਆਂ ਨਾਲ ਮੇਲ ਨਹੀਂ ਖਾਂਦੀਆਂ।

ਵੀਰਵਾਰ ਨੂੰ ਸੂਬਾਈ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਿੱਲ ਅਨੁਸਾਰ ਟਰਾਂਸਪੋਰਟ ਮੰਤਰੀ ਡੇਵਿਨ ਡਰੀਸ਼ਨ ਨੂੰ ਨਗਰਪਾਲਿਕਾਵਾਂ ਵੱਲੋਂ ਬਣਾਏ ਗਏ ਸਾਈਕਲ ਮਾਰਗਾਂ ਨੂੰ ਹਟਾਉਣ ਦੇ ਹੁਕਮ ਦੇਣ ਦਾ ਅਧਿਕਾਰ ਮਿਲ ਸਕਦਾ ਹੈ। ਬਿੱਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਈਕਲ ਮਾਰਗ ਹਟਾਉਣ ਦਾ ਖਰਚਾ ਸਬੰਧਤ ਨਗਰਪਾਲਿਕਾਵਾਂ ਨੂੰ ਹੀ ਚੁੱਕਣਾ ਪਵੇਗਾ।

ਮੇਅਰ ਫਾਰਕਸ ਨੇ ਕਿਹਾ ਕਿ ਪ੍ਰੀਮੀਅਰ ਦੇ ਦਫ਼ਤਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਸਾਈਕਲ ਮਾਰਗਾਂ ਵਿੱਚ ਤਬਦੀਲੀ ਕਰਨ ਦਾ ਪੂਰਾ ਖਰਚਾ ਸੂਬਾਈ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਉਨ੍ਹਾਂ ਮੌਜੂਦਾ ਬਿੱਲ ਨੂੰ ਸਮੇਂ ਤੋਂ ਪਹਿਲਾਂ ਜਾਰੀ ਕੀਤਾ ਗਿਆ ਖਰੜਾ ਦੱਸਦਿਆਂ ਕਿਹਾ ਕਿ ਇਸ ਵਿੱਚ ਹੋਈਆਂ ਗਲਤੀਆਂ ਨੂੰ ਆਉਣ ਵਾਲੀਆਂ ਸੋਧਾਂ ਰਾਹੀਂ ਠੀਕ ਕੀਤੇ ਜਾਣ ਦੀ ਉਮੀਦ ਹੈ।

ਦੂਜੇ ਪਾਸੇ ਟਰਾਂਸਪੋਰਟ ਮੰਤਰੀ ਡੇਵਿਨ ਡਰੀਸ਼ਨ ਨੇ ਕਿਹਾ ਕਿ ਸਰਕਾਰ ਨਗਰਪਾਲਿਕਾਵਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ, ਤਾਂ ਜੋ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਨਵੇਂ ਸਾਈਕਲ ਮਾਰਗ ਬਣਾਉਣ ਨੂੰ ਸੀਮਤ ਕੀਤਾ ਜਾ ਸਕੇ ਅਤੇ ਮੌਜੂਦਾ ਸਮੱਸਿਆਵਾਂ ਵਾਲੇ ਮਾਰਗਾਂ ਬਾਰੇ ਫੈਸਲੇ ਲਏ ਜਾ ਸਕਣ।

ਸਰਕਾਰ ਦਾ ਤਰਕ ਹੈ ਕਿ ਕੁਝ ਸਾਈਕਲ ਮਾਰਗ ਸੜਕਾਂ ਦੀ ਆਵਾਜਾਈ ਸਮਰੱਥਾ ਅਤੇ ਪਾਰਕਿੰਗ ਨੂੰ ਪ੍ਰਭਾਵਿਤ ਕਰਦੇ ਹਨ। ਇਸ ਕਾਰਨ ਆਵਾਜਾਈ ਵਿੱਚ ਭੀੜ ਵਧਦੀ ਹੈ ਅਤੇ ਐਮਰਜੈਂਸੀ ਵਾਹਨਾਂ ਨੂੰ ਵੀ ਮੁਸ਼ਕਲ ਆ ਸਕਦੀ ਹੈ। ਸਰਕਾਰ ਅਜਿਹੇ ਮਾਰਗਾਂ ਨੂੰ ਸੜਕਾਂ ਦੀ ਮੁਰੰਮਤ ਦੌਰਾਨ ਹਟਾਉਣ ਦੀ ਯੋਜਨਾ ਬਣਾ ਰਹੀ ਹੈ, ਤਾਂ ਜੋ ਖਰਚਾ ਘੱਟ ਰਹੇ।

ਹਾਲਾਂਕਿ, ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਵਾਲੀਆਂ ਜਥੇਬੰਦੀਆਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਹੈ। ਬਾਈਕ ਕੈਲਗਰੀ ਦੇ ਬੁਨਿਆਦੀ ਢਾਂਚਾ ਮੁਖੀ ਜੈਕ ਮੇਸਨ ਨੇ ਕਿਹਾ ਕਿ ਸਾਈਕਲ ਮਾਰਗਾਂ ਨੂੰ ਹਟਾਉਣ ਨਾਲ ਸਾਈਕਲ ਸਵਾਰਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਇਸ ਨਾਲ ਸੜਕ ਹਾਦਸਿਆਂ ਵਿੱਚ ਸਾਈਕਲ ਸਵਾਰਾਂ ਦੀਆਂ ਜਾਨਾਂ ਜਾ ਸਕਦੀਆਂ ਹਨ।

ਇਸੇ ਤਰ੍ਹਾਂ ਬਾਈਕ ਐਡਮੰਟਨ ਨੇ ਵੀ ਸੂਬਾ ਸਰਕਾਰ ਨੂੰ ਬਿੱਲ ਵਾਪਸ ਲੈਣ ਦੀ ਅਪੀਲ ਕੀਤੀ ਹੈ। ਸੰਸਥਾ ਅਨੁਸਾਰ ਵਧਦੀ ਮਹਿੰਗਾਈ ਦੇ ਦੌਰ ਵਿੱਚ ਸਾਈਕਲ ਸ਼ਹਿਰ ਵਿੱਚ ਆਉਣ-ਜਾਣ ਦਾ ਇੱਕ ਸਸਤਾ ਸਾਧਨ ਹੈ ਅਤੇ ਸਾਈਕਲ ਸਵਾਰਾਂ ਲਈ ਵੱਖਰੇ ਮਾਰਗ ਸੁਰੱਖਿਆ ਵਧਾਉਂਦੇ ਹਨ।

ਐਡਮੰਟਨ ਦੇ ਮੇਅਰ ਐਂਡਰਿਊ ਨੈਕ ਨੇ ਵੀ ਇਸ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਸਥਾਨਕ ਸਰਕਾਰਾਂ ਉੱਤੇ ਵਿੱਤੀ ਬੋਝ ਵਧੇਗਾ ਅਤੇ ਜਾਇਦਾਦ ਟੈਕਸ ਵਿੱਚ ਵਾਧਾ ਕਰਨਾ ਪੈ ਸਕਦਾ ਹੈ। ਉਨ੍ਹਾਂ ਅਨੁਸਾਰ ਪਿਛਲੇ ਦਹਾਕੇ ਦੌਰਾਨ ਸ਼ਹਿਰ ਵਿੱਚ ਬਣਾਏ ਗਏ ਸਾਈਕਲ ਮਾਰਗਾਂ ਨੂੰ ਹਟਾਉਣ ਦਾ ਖਰਚਾ ਲਗਭਗ 15 ਕਰੋੜ ਡਾਲਰ ਹੋ ਸਕਦਾ ਹੈ।ਫਿਲਹਾਲ ਸੂਬਾਈ ਸਰਕਾਰ ਵੱਲੋਂ ਬਿੱਲ ਵਿੱਚ ਸੋਧਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।