ਆਨਲਾਈਨ ਧਮਕੀਆਂ ਕਾਰਨ ਸੁੰਡਰੇ ਪ੍ਰੋ ਰੋਡੀਓ ਪਰੇਡ ਰੱਦ, ਵਲੰਟੀਅਰਾਂ ਨੇ ਜਤਾਈ ਸੁਰੱਖਿਆ ਚਿੰਤਾ
ਸੁੰਡਰੇ-ਕੈਲਗਰੀ ਦੇ ਉੱਤਰ ਵਿੱਚ ਸਥਿਤ ਸੁੰਡਰੇ ਕਸਬੇ ਵਿੱਚ ਇਸ ਹਫ਼ਤੇ ਹੋਣ ਵਾਲੀ ਪ੍ਰੋ ਰੋਡੀਓ ਪਰੇਡ ਨੂੰ ਆਖ਼ਰੀ ਸਮੇਂ ਰੱਦ ਕਰ ਦਿੱਤਾ ਗਿਆ ਹੈ। ਪਰੇਡ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇੱਕ ਸਿਆਸੀ ਝਾਂਕੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਵਲੰਟੀਅਰਾਂ ਨੂੰ ਆਨਲਾਈਨ ਧਮਕੀਆਂ ਅਤੇ ਨਿੱਜੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਕਈ ਲੋਕਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ।ਸੁੰਡਰੇ ਪ੍ਰੋ ਰੋਡੀਓ ਐਸੋਸੀਏਸ਼ਨ ਮੁਤਾਬਕ ਪਰੇਡ ਇਸ ਸ਼ਨੀਵਾਰ ਨੂੰ ਹੋਣੀ ਸੀ, ਪਰ ਵਧਦੇ ਵਿਵਾਦ ਅਤੇ ਵਲੰਟੀਅਰਾਂ ਉੱਤੇ ਪੈ ਰਹੇ ਦਬਾਅ ਕਾਰਨ ਇਸ ਨੂੰ ਰੱਦ ਕਰਨ ਦਾ ਫ਼ੈਸਲਾ ਲੈਣਾ ਪਿਆ। ਹਾਲਾਂਕਿ ਰੋਡੀਓ ਸਮਾਗਮ ਆਪਣੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਜਾਰੀ ਰਹੇਗਾ।
ਵਿਵਾਦ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਪਰੇਡ ਪ੍ਰਬੰਧਕਾਂ ਨੇ ਸ਼ੁਰੂ ਵਿੱਚ ਅਲਬਰਟਾ ਅਲੱਗਾਵਾਦ (ਸੈਪਰੇਟਿਸਟ) ਦੇ ਸਮਰਥਨ ਵਾਲੀ ਇੱਕ ਝਾਂਕੀ ਨੂੰ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰਬੰਧਕਾਂ ਦਾ ਕਹਿਣਾ ਸੀ ਕਿ ਇਹ ਫ਼ੈਸਲਾ 2022 ਦੀ ਇੱਕ ਘਟਨਾ ਨੂੰ ਧਿਆਨ ਵਿੱਚ ਰੱਖਦਿਆਂ ਸਾਵਧਾਨੀ ਵਜੋਂ ਲਿਆ ਗਿਆ ਸੀ, ਜਦੋਂ ਇੱਕ ਪਰੇਡ ਝਾਂਕੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਐਨਡੀਪੀ ਆਗੂ ਜਗਮੀਤ ਸਿੰਘ ਦੇ ਰੂਪ ਧਾਰਨ ਕਰਕੇ ਸਿਆਸੀ ਸੰਦੇਸ਼ ਦਿੱਤਾ ਗਿਆ ਸੀ।ਭਾਰੀ ਆਨਲਾਈਨ ਆਲੋਚਨਾ ਤੋਂ ਬਾਅਦ ਪ੍ਰਬੰਧਕਾਂ ਨੇ ਆਪਣਾ ਫ਼ੈਸਲਾ ਵਾਪਸ ਲੈ ਲਿਆ ਅਤੇ ਝਾਂਕੀ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਦੇ ਦਿੱਤੀ। ਇਸ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਵਲੰਟੀਅਰਾਂ ਖ਼ਿਲਾਫ਼ ਨਕਾਰਾਤਮਕ ਟਿੱਪਣੀਆਂ ਅਤੇ ਨਿੱਜੀ ਹਮਲੇ ਵਧਦੇ ਗਏ।
ਸੁੰਡਰੇ ਪ੍ਰੋ ਰੋਡੀਓ ਐਸੋਸੀਏਸ਼ਨ ਦੀ ਪ੍ਰਤੀਨਿਧੀ ਡਾਰਬੀ ਕਰਾਊਚ ਨੇ ਕਿਹਾ ਕਿ ਵਲੰਟੀਅਰ ਅਜਿਹੇ ਵਿਵਾਦਾਂ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਸਨ।ਉਨ੍ਹਾਂ ਕਿਹਾ, “ਸਾਡੇ ਵਲੰਟੀਅਰ ਸਿਰਫ਼ ਭਾਈਚਾਰੇ ਦੀ ਸੇਵਾ ਲਈ ਆਪਣਾ ਸਮਾਂ ਦਿੰਦੇ ਹਨ। ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਧਮਕੀਆਂ ਜਾਂ ਨਿੱਜੀ ਹਮਲਿਆਂ ਲਈ ਨਾਮ ਨਹੀਂ ਲਿਖਵਾਇਆ ਸੀ। ਕਈ ਲੋਕ ਹੁਣ ਵਲੰਟੀਅਰ ਵਜੋਂ ਕੰਮ ਜਾਰੀ ਰੱਖਣ ਵਿੱਚ ਅਸਹਿਜ ਮਹਿਸੂਸ ਕਰ ਰਹੇ ਸਨ।” ਕਰਾਊਚ ਨੇ ਸਪੱਸ਼ਟ ਕੀਤਾ ਕਿ ਪਰੇਡ ਰੱਦ ਕਰਨ ਦਾ ਫ਼ੈਸਲਾ ਕਿਸੇ ਇੱਕ ਸਮੂਹ ਜਾਂ ਵਿਚਾਰਧਾਰਾ ਖ਼ਿਲਾਫ਼ ਨਹੀਂ ਸੀ, ਸਗੋਂ ਵਲੰਟੀਅਰਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ।ਇਸ ਦੌਰਾਨ ਸੁੰਡਰੇ ਟਾਊਨ ਕੌਂਸਲ ਨੇ ਵੀ ਪਰੇਡ ਰੱਦ ਹੋਣ 'ਤੇ ਨਿਰਾਸ਼ਾ ਜਤਾਈ ਹੈ। ਕੌਂਸਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਈਚਾਰਕ ਸਮਾਗਮ ਉਨ੍ਹਾਂ ਲੋਕਾਂ ਦੇ ਸਹਿਯੋਗ ਨਾਲ ਚੱਲਦੇ ਹਨ ਜੋ ਆਪਣਾ ਸਮਾਂ ਨਿਸ਼ਕਾਮ ਭਾਵਨਾ ਨਾਲ ਦਿੰਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।ਇਸੇ ਸਮੇਂ ਅਲਬਰਟਾ ਵਿੱਚ ਅਲੱਗਾਵਾਦ ਨਾਲ ਜੁੜੀਆਂ ਝਾਂਕੀਆਂ ਨੂੰ ਲੈ ਕੇ ਚਰਚਾ ਤੇਜ਼ ਹੋ ਰਹੀ ਹੈ। ਜਾਣਕਾਰੀ ਮੁਤਾਬਕ ਪਿਛਲੇ ਹਫ਼ਤੇ ਇਨਿਸਫੇਲ ਪਰੇਡ ਵਿੱਚ ‘ਫਾਰਏਵਰ ਕੈਨੇਡੀਅਨ ਯੂਨਿਟੀ ਬੱਸ’ ਨੂੰ ਸਰਵੋਤਮ ਝਾਂਕੀ ਦਾ ਸਨਮਾਨ ਮਿਲਿਆ ਸੀ।
ਦੂਜੇ ਪਾਸੇ, ਕੈਲਗਰੀ ਸਟੈਂਪੀਡ ਪ੍ਰਬੰਧਕਾਂ ਨੇ ਕਿਹਾ ਹੈ ਕਿ ਹੁਣ ਤੱਕ ਇਸ ਮੁੱਦੇ ਦੇ ਹੱਕ ਜਾਂ ਵਿਰੋਧ ਵਿੱਚ ਕੋਈ ਝਾਂਕੀ ਰਜਿਸਟਰ ਨਹੀਂ ਹੋਈ ਹੈ।ਆਰਸੀਐਮਪੀ ਨੇ ਪੁਸ਼ਟੀ ਕੀਤੀ ਹੈ ਕਿ ਅਧਿਕਾਰੀਆਂ ਨੇ ਪਰੇਡ ਨਾਲ ਸਬੰਧਤ ਇੱਕ ਕਾਰਜਕਾਰੀ ਮੀਟਿੰਗ ਵਿੱਚ ਹਿੱਸਾ ਲਿਆ ਸੀ, ਪਰ ਹੁਣ ਤੱਕ ਪੁਲਿਸ ਕੋਲ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਧਮਕੀ ਜਾਂ ਪਰੇਸ਼ਾਨੀ ਸਬੰਧੀ ਕੋਈ ਅਧਿਕਾਰਕ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।
















