ਕੈਲਗਰੀ 'ਚ ਨਵੇਂ ਵੱਡੇ ਸਟੇਡੀਅਮ ਦੀ ਸੰਭਾਵਨਾ ਦੀ ਜਾਂਚ
ਕੈਲਗਰੀ-ਕੈਲਗਰੀ ਸ਼ਹਿਰ ਪ੍ਰਸ਼ਾਸਨ ਵੱਲੋਂ ਇੱਕ ਨਵੇਂ ਆਊਟਡੋਰ ਸਟੇਡੀਅਮ ਦੀ ਸੰਭਾਵਨਾ ਦਾ ਅਧਿਐਨ ਕਰਵਾਉਣ ਲਈ ਨਿੱਜੀ ਕੰਪਨੀਆਂ ਤੋਂ ਬੋਲੀਆਂ ਮੰਗੀਆਂ ਗਈਆਂ ਹਨ। ਇਹ ਕਦਮ ਮੌਜੂਦਾ ਮੈਕਮਹੌਨ ਸਟੇਡੀਅਮ ਦੇ ਭਵਿੱਖ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਚੁੱਕਿਆ ਗਿਆ ਹੈ।ਸ਼ਹਿਰ ਵੱਲੋਂ ਇੱਕ ਫਰਮ ਦੀ ਚੋਣ ਕਰਕੇ ਪ੍ਰਸਤਾਵਿਤ ਵੱਡੇ ਖੇਡ ਅਤੇ ਸਮਾਗਮ ਸਥਾਨ ਦੀ ਵਿਹਾਰਕਤਾ ਦੀ ਜਾਂਚ ਕਰਵਾਈ ਜਾਵੇਗੀ। ਇਸ ਅਧਿਐਨ ਵਿੱਚ ਬਾਜ਼ਾਰ, ਵਿੱਤੀ ਅਤੇ ਸੰਚਾਲਨ ਨਾਲ ਜੁੜੇ ਪੱਖਾਂ ਦੀ ਜਾਂਚ ਕੀਤੀ ਜਾਵੇਗੀ।
ਸਟੇਡੀਅਮ ਅਧਿਐਨ ਲਈ ਲਗਭਗ 8.75 ਲੱਖ ਕੈਨੇਡੀਅਨ ਡਾਲਰ ਦੀ ਲਾਗਤ ਦਾ ਅੰਦਾਜ਼ਾ ਹੈ ਅਤੇ ਠੇਕਾ ਅਕਤੂਬਰ ਵਿੱਚ ਦਿੱਤੇ ਜਾਣ ਦੀ ਉਮੀਦ ਹੈ।ਮੈਕਮਹੌਨ ਸਟੇਡੀਅਮ ਨੂੰ ਬਣਿਆਂ 66 ਸਾਲ ਹੋ ਚੁੱਕੇ ਹਨ। ਇਹ ਕੈਨੇਡੀਅਨ ਫੁੱਟਬਾਲ ਲੀਗ ਦੀ ਕੈਲਗਰੀ ਸਟੈਂਪੀਡਰਜ਼ ਟੀਮ ਅਤੇ ਯੂਨੀਵਰਸਿਟੀ ਆਫ ਕੈਲਗਰੀ ਡਾਇਨੋਜ਼ ਦਾ ਘਰੇਲੂ ਮੈਦਾਨ ਹੈ।ਮੈਕਮਹੌਨ ਸਟੇਡੀਅਮ ਸੋਸਾਇਟੀ ਦੇ ਸਟੀਵ ਐਲਨ ਨੇ ਕਿਹਾ ਕਿ ਸ਼ਹਿਰ ਨੂੰ ਖੇਡ ਸਹੂਲਤਾਂ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਮੈਕਮਹੌਨ ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਪਹੁੰਚ ਚੁੱਕਾ ਹੈ।ਸਟੇਡੀਅਮ ਦੀ ਸੰਭਾਲ 'ਤੇ ਖਰਚੇ ਵੀ ਲਗਾਤਾਰ ਵੱਧ ਰਹੇ ਹਨ। ਐਲਨ ਮੁਤਾਬਕ ਹਾਲ ਹੀ ਵਿੱਚ ਸੀਵਰੇਜ ਅਤੇ ਪਾਣੀ ਦੀ ਸਮੱਸਿਆ ਨੂੰ ਠੀਕ ਕਰਨ 'ਤੇ ਕਰੀਬ 10 ਲੱਖ ਡਾਲਰ ਖਰਚ ਕੀਤੇ ਗਏ।
ਇਸ ਦੌਰਾਨ ਯੂਨੀਵਰਸਿਟੀ ਆਫ ਕੈਲਗਰੀ ਵੀ ਆਪਣੇ ਵੱਖ-ਵੱਖ ਖੇਡ ਪ੍ਰੋਗਰਾਮਾਂ ਲਈ ਕੈਂਪਸ ਵਿੱਚ ਨਵਾਂ ਸਟੇਡੀਅਮ ਬਣਾਉਣ ਦੀ ਸੰਭਾਵਨਾ 'ਤੇ ਵਿਚਾਰ ਕਰ ਰਹੀ ਹੈ।ਇਸ ਤੋਂ ਇਲਾਵਾ ਕੈਲਗਰੀ ਸਟੈਂਪੀਡ ਅਤੇ ਕੈਲਗਰੀ ਮਿਊਂਸਪਲ ਲੈਂਡ ਕਾਰਪੋਰੇਸ਼ਨ ਵੱਲੋਂ ਜੀਐੱਮਸੀ ਸਟੇਡੀਅਮ ਨੂੰ ਬਹੁ-ਉਦੇਸ਼ੀ ਬਣਾਉਣ ਦੀ ਸੰਭਾਵਨਾ ਦਾ ਅਧਿਐਨ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।17 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਜੀਐੱਮਸੀ ਸਟੇਡੀਅਮ ਸਟੈਂਪੀਡ ਪਾਰਕ ਵਿੱਚ ਸਥਿਤ ਹੈ ਅਤੇ ਇੱਥੇ 10 ਦਿਨਾਂ ਦੇ ਕੈਲਗਰੀ ਸਟੈਂਪੀਡ ਦੌਰਾਨ ਰੋਡੀਓ ਅਤੇ ਚੱਕਵੈਗਨ ਦੌੜਾਂ ਕਰਵਾਈਆਂ ਜਾਂਦੀਆਂ ਹਨ।
ਸਟੈਂਪੀਡ ਦੇ ਅਧਿਕਾਰੀਆਂ ਮੁਤਾਬਕ ਇਸ ਸਥਾਨ ਨੂੰ ਫੁੱਟਬਾਲ ਜਾਂ ਫੁੱਟਬਾਲ-ਸਾਕਰ ਵਰਗੀਆਂ ਖੇਡਾਂ ਲਈ ਵਰਤਣ ਦੀ ਸੰਭਾਵਨਾ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਘੋੜਿਆਂ ਦੀ ਦੌੜ ਵਾਲੇ ਟਰੈਕ 'ਤੇ ਇਸ ਦਾ ਪ੍ਰਭਾਵ ਘੱਟ ਤੋਂ ਘੱਟ ਰੱਖਣਾ ਹੋਵੇਗਾ।ਕੈਲਗਰੀ ਦੇ ਮੇਅਰ ਜੇਰੋਮੀ ਫਾਰਕਸ ਨੇ ਕਿਹਾ ਕਿ ਸ਼ਹਿਰ ਦੇ ਵਧਦੇ ਆਕਾਰ ਨੂੰ ਦੇਖਦਿਆਂ ਨਵੀਆਂ ਖੇਡ ਸਹੂਲਤਾਂ ਦੀ ਲੋੜ ਬਿਲਕੁਲ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ ਜੇਕਰ ਨਵੇਂ ਸਟੇਡੀਅਮ ਲਈ ਟੈਕਸਦਾਤਾਵਾਂ ਦੇ ਪੈਸੇ ਦੀ ਵਰਤੋਂ ਹੁੰਦੀ ਹੈ ਤਾਂ ਜਨਤਕ ਨਿਵੇਸ਼ ਦੇ ਬਦਲੇ ਵਾਜਬ ਲਾਭ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।ਕੈਲਗਰੀ ਸ਼ਹਿਰ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਅਧਿਐਨ ਸਿਰਫ਼ ਸ਼ੁਰੂਆਤੀ ਪੱਧਰ ਦੀ ਜਾਂਚ ਹੈ ਅਤੇ ਇਸ ਦਾ ਮਤਲਬ ਇਹ ਨਹੀਂ ਕਿ ਨਵਾਂ ਸਟੇਡੀਅਮ ਬਣਾਉਣ ਦਾ ਫੈਸਲਾ ਹੋ ਗਿਆ ਹੈ।ਅਧਿਐਨ ਰਾਹੀਂ ਖੇਡਾਂ, ਸਮਾਗਮਾਂ, ਸੈਰ-ਸਪਾਟੇ, ਆਰਥਿਕ ਵਿਕਾਸ ਅਤੇ ਕਮਿਊਨਿਟੀ ਦੀਆਂ ਲੋੜਾਂ ਲਈ ਭਵਿੱਖ ਦੀਆਂ ਸਹੂਲਤਾਂ ਬਾਰੇ ਅਗਲੇ ਕਦਮ ਤੈਅ ਕਰਨ ਵਿੱਚ ਮਦਦ ਮਿਲੇਗੀ।
















