ਅਲਬਰਟਾ ਵਿੱਚ ਵੱਖਰੇ ਦੇਸ਼ ਦੀ ਮੰਗ ’ਤੇ ਦੂਜਾ ਰੈਫਰੈਂਡਮ? ਡੈਨੀਅਲ ਸਮਿਥ ਨੇ ਕਿਹਾ—ਸਮਾਂ ਕੱਢਣਾ ਮੁਸ਼ਕਲ
ਅਲਬਰਟਾ- ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਜੇਕਰ 19 ਅਕਤੂਬਰ ਨੂੰ ਹੋਣ ਵਾਲੇ ਰੈਫਰੈਂਡਮ ਵਿੱਚ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੱਕ ਵਿੱਚ ਬਹੁਮਤ ਆ ਜਾਂਦਾ ਹੈ ਤਾਂ 2027 ਦੀ ਬਸੰਤ ਤੱਕ ਦੂਜਾ ਬਾਈਂਡਿੰਗ ਰੈਫਰੈਂਡਮ ਕਰਵਾਉਣਾ ਕਾਨੂੰਨੀ ਤੌਰ ’ਤੇ ਮੁਸ਼ਕਲ ਹੋ ਸਕਦਾ ਹੈ।ਗ੍ਰਾਂਡ ਪ੍ਰੇਰੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਸਮਿਥ ਨੇ ਕਿਹਾ ਕਿ ਮਾਮਲਾ ਪਹਿਲਾਂ ਦੱਸੇ ਗਏ ਸਮੇਂ ਨਾਲੋਂ ਕਾਫ਼ੀ ਜ਼ਿਆਦਾ ਗੁੰਝਲਦਾਰ ਹੈ। ਉਨ੍ਹਾਂ ਮੁਤਾਬਕ ਅਲਬਰਟਾ ਦੇ ਕਾਨੂੰਨ ਵਿੱਚ ਇਹ ਵਿਵਸਥਾ ਹੈ ਕਿ ਸੂਬਾਈ ਚੋਣ ਤੋਂ ਇੱਕ ਸਾਲ ਦੇ ਅੰਦਰ ਰੈਫਰੈਂਡਮ ਨਹੀਂ ਕਰਵਾਇਆ ਜਾ ਸਕਦਾ।
ਇਸ ਕਰਕੇ ਜੇਕਰ 19 ਅਕਤੂਬਰ ਦੇ ਰੈਫਰੈਂਡਮ ਵਿੱਚ ਵੱਖਰੇ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੱਕ ਵਿੱਚ ਵੋਟ ਪੈਂਦੀ ਹੈ ਤਾਂ ਦੂਜਾ ਰੈਫਰੈਂਡਮ ਕਿੰਨੀ ਜਲਦੀ ਕਾਨੂੰਨੀ ਤੌਰ ’ਤੇ ਕਰਵਾਇਆ ਜਾ ਸਕਦਾ ਹੈ, ਇਸ ਬਾਰੇ ਪਹਿਲਾਂ ਕਾਨੂੰਨੀ ਪੱਖ ਤੋਂ ਜਾਂਚ ਕਰਨੀ ਪਵੇਗੀ।ਅਲਬਰਟਾ ਦੀ ਅਗਲੀ ਸੂਬਾਈ ਚੋਣ 18 ਅਕਤੂਬਰ 2027 ਨੂੰ ਹੋਣੀ ਤੈਅ ਹੈ।
19 ਅਕਤੂਬਰ ਦੇ ਰੈਫਰੈਂਡਮ ਵਿੱਚ ਲੋਕਾਂ ਨੂੰ ਦੋ ਵਿਕਲਪ ਦਿੱਤੇ ਜਾਣਗੇ। ਪਹਿਲੇ ਵਿਕਲਪ ਤਹਿਤ ਅਲਬਰਟਾ ਨੂੰ ਕੈਨੇਡਾ ਦਾ ਸੂਬਾ ਬਣੇ ਰਹਿਣ ਲਈ ਪੁੱਛਿਆ ਜਾਵੇਗਾ, ਜਦਕਿ ਦੂਜੇ ਵਿਕਲਪ ਵਿੱਚ ਕੈਨੇਡਾ ਤੋਂ ਵੱਖ ਹੋਣ ਲਈ ਸੰਵਿਧਾਨਕ ਪ੍ਰਕਿਰਿਆ ਸ਼ੁਰੂ ਕਰਨ ਬਾਰੇ ਸਵਾਲ ਹੋਵੇਗਾ।ਹਾਲਾਂਕਿ, ਸਮਿਥ ਨੇ ਦੂਜੇ ਰੈਫਰੈਂਡਮ ਦੀ ਸੰਭਾਵਨਾ ਬਾਰੇ ਹੋਰ ਜਾਣਕਾਰੀ ਦੇਣ ਦੀ ਬਜਾਏ ਕਿਹਾ ਕਿ ਉਹ 19 ਅਕਤੂਬਰ ਨੂੰ ਲੋਕਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਲਬਰਟਾ ਨੂੰ ਕੈਨੇਡਾ ਦਾ ਹਿੱਸਾ ਹੀ ਰਹਿਣਾ ਚਾਹੀਦਾ ਹੈ।ਸਮਿਥ ਨੇ ਕਿਹਾ ਕਿ ਉਹ ਕੈਨੇਡੀਅਨਾਂ ਅਤੇ ਅਲਬਰਟਾ ਵਾਸੀਆਂ ਵਿੱਚ ਮੁੜ ਇਹ ਭਰੋਸਾ ਪੈਦਾ ਕਰਨਾ ਚਾਹੁੰਦੀ ਹੈ ਕਿ ਦੇਸ਼ ਉਸੇ ਤਰ੍ਹਾਂ ਕੰਮ ਕਰ ਸਕਦਾ ਹੈ, ਜਿਸ ਤਰ੍ਹਾਂ ਉਸ ਦੀ ਕਲਪਨਾ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਅਲਬਰਟਾ ਦੀਆਂ ਸ਼ਿਕਾਇਤਾਂ ਜਾਇਜ਼ ਰਹੀਆਂ ਹਨ ਅਤੇ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮਿਲ ਕੇ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਕੰਮ ਕਰ ਰਹੀ ਹੈ।
ਸਮਿਥ ਨੇ ਕਿਹਾ ਕਿ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਉਨ੍ਹਾਂ ’ਤੇ ਗੱਲਬਾਤ ਕਰਕੇ ਸਾਂਝਾ ਰਾਹ ਲੱਭਣ ਦੀ ਲੋੜ ਹੈ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰਾਂ ਵਿਚਕਾਰ ਹੋ ਰਹੀ ਗੱਲਬਾਤ ਨਾਲ ਅਲਬਰਟਾ ਵਾਸੀਆਂ ਦਾ ਕੈਨੇਡਾ ਪ੍ਰਤੀ ਭਰੋਸਾ ਮੁੜ ਮਜ਼ਬੂਤ ਹੋਵੇਗਾ।
















