B.C. ਸਰਕਾਰ ਤੇ ਡਾਕਟਰਾਂ ਵਿਚਾਲੇ ਚਾਰ ਸਾਲਾਂ ਲਈ ਨਵਾਂ ਸਮਝੌਤਾ

B.C. ਸਰਕਾਰ ਤੇ ਡਾਕਟਰਾਂ ਵਿਚਾਲੇ ਚਾਰ ਸਾਲਾਂ ਲਈ ਨਵਾਂ ਸਮਝੌਤਾ

ਵੈਨਕੂਵਰ — ਬ੍ਰਿਟਿਸ਼ ਕੋਲੰਬੀਆ ਸਰਕਾਰ ਅਤੇ ਸੂਬੇ ਦੇ ਡਾਕਟਰਾਂ ਵਿਚਕਾਰ ਚਾਰ ਸਾਲਾਂ ਲਈ ਨਵੇਂ ਮਜ਼ਦੂਰੀ ਸਮਝੌਤੇ ’ਤੇ ਸਹਿਮਤੀ ਬਣ ਗਈ ਹੈ।ਬੀ.ਸੀ. ਸਿਹਤ ਮੰਤਰਾਲੇ ਅਤੇ ਡਾਕਟਰਜ਼ ਆਫ਼ ਬੀ.ਸੀ. ਵੱਲੋਂ ਜਾਰੀ ਸਾਂਝੇ ਬਿਆਨ ਅਨੁਸਾਰ, 4,000 ਤੋਂ ਵੱਧ ਡਾਕਟਰਾਂ ਵੱਲੋਂ ਸਮਝੌਤੇ ’ਤੇ ਵੋਟਿੰਗ ਕੀਤੀ ਗਈ, ਜਿਸ ਵਿੱਚ ਲਗਭਗ 92 ਫੀਸਦੀ ਡਾਕਟਰਾਂ ਨੇ ਇਸ ਦੇ ਹੱਕ ਵਿੱਚ ਮਤ ਦਿੱਤਾ।“ਫਿਜ਼ੀਸ਼ਨ ਮੇਨ ਐਗਰੀਮੈਂਟ” ਨਾਮਕ ਇਸ ਸਮਝੌਤੇ ਦੇ ਪੂਰੇ ਵੇਰਵੇ ਹਾਲੇ ਜਾਰੀ ਨਹੀਂ ਕੀਤੇ ਗਏ, ਪਰ ਸਰਕਾਰ ਦਾ ਕਹਿਣਾ ਹੈ ਕਿ ਵਧ ਰਹੀ ਮਰੀਜ਼ ਸੰਖਿਆ ਦੇ ਮੱਦੇਨਜ਼ਰ ਇਹ ਸਮਝੌਤਾ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਏਗਾ।

ਸਮਝੌਤੇ ਅਨੁਸਾਰ ਪਿੰਡਾਂ ਅਤੇ ਦੂਰ-ਦਰਾਜ਼ ਖੇਤਰਾਂ ਵਿੱਚ ਕੰਮ ਕਰਨ ਵਾਲੇ ਪਰਿਵਾਰਕ ਡਾਕਟਰਾਂ ਲਈ ਵਾਧੂ ਫੰਡ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, ਮਾਤਾ ਸੰਭਾਲ ਸੇਵਾਵਾਂ ਦੇਣ ਵਾਲੇ ਡਾਕਟਰਾਂ ਲਈ ਵੱਖਰਾ ਕਾਂਟ੍ਰੈਕਟ ਰੇਟ ਅਤੇ ਮਹੱਤਵਪੂਰਨ ਤਨਖ਼ਾਹ ਵਾਧਾ ਵੀ ਸ਼ਾਮਲ ਹੈ।ਆਨ-ਕਾਲ ਡਾਕਟਰਾਂ ਦੀ ਭੁਗਤਾਨ ਦਰ ਵਿੱਚ ਵੀ ਵਾਧਾ ਕੀਤਾ ਗਿਆ ਹੈ, ਜਦਕਿ ਹਫ਼ਤੇ ਦੇ ਅੰਤ, ਸ਼ਾਮਾਂ ਅਤੇ ਛੁੱਟੀਆਂ ਦੌਰਾਨ ਕੀਤੀਆਂ ਜਾਣ ਵਾਲੀਆਂ ਚੋਣਵਾਂ ਸਰਜਰੀਆਂ ਲਈ ਨਵਾਂ ਪ੍ਰੀਮੀਅਮ ਲਾਗੂ ਕੀਤਾ ਜਾਵੇਗਾ।

ਸਰਕਾਰ ਦੇ ਮੁਤਾਬਕ, ਚਾਰ ਸਾਲਾਂ ਦੇ ਇਸ ਸਮਝੌਤੇ ਤਹਿਤ ਡਾਕਟਰਾਂ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਇੱਕ ਬਿਲੀਅਨ ਡਾਲਰ ਤੋਂ ਵੱਧ ਦੀ ਰਕਮ ਰੱਖੀ ਗਈ ਹੈ। ਇਸ ਵਿੱਚੋਂ 100 ਮਿਲੀਅਨ ਡਾਲਰ ਕਾਂਟ੍ਰੈਕਟ ਡਾਕਟਰਾਂ ਦੇ ਵਧੇ ਕੰਮ ਦੇ ਬੋਝ ਨੂੰ ਘਟਾਉਣ ਲਈ ਖਰਚੇ ਜਾਣਗੇ।ਸਿਹਤ ਮੰਤਰੀ ਜੋਸੀ ਓਜ਼ਬੋਰਨ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਪੱਖਾਂ ਦੇ ਬਿਹਤਰ ਸਿਹਤ ਸੇਵਾਵਾਂ ਦੇ ਸਾਂਝੇ ਟੀਚੇ ਨੂੰ ਦਰਸਾਉਂਦਾ ਹੈ।ਡਾਕਟਰਜ਼ ਆਫ਼ ਬੀ.ਸੀ. ਦੇ ਪ੍ਰਧਾਨ ਡਾ. ਐਡਮ ਥਾਮਪਸਨ ਨੇ ਕਿਹਾ ਕਿ ਡਾਕਟਰ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਮਰੀਜ਼ਾਂ ਦੀਆਂ ਲੋੜਾਂ ਮੁਤਾਬਕ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵਚਨਬੱਧ ਹਨ।ਉਨ੍ਹਾਂ ਕਿਹਾ, “ਸਾਡੀ ਸਿਹਤ ਪ੍ਰਣਾਲੀ ਇਸ ਵੇਲੇ ਭਾਰੀ ਦਬਾਅ ਹੇਠ ਹੈ ਅਤੇ ਇਹ ਸਮਝੌਤਾ ਡਾਕਟਰਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।”