ਅਲਬਰਟਾ ਨੂੰ ਕੈਨੇਡਾ ਵਿੱਚ ਬਣਾਈ ਰੱਖਣ ਲਈ ਮੁਹਿੰਮ ਸ਼ੁਰੂ ਕਰਨਗੇ ਪੌਲੀਏਵ
ਕੈਲਗਰੀ-ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਏਰ ਪੌਲੀਏਵ ਸੋਮਵਾਰ ਨੂੰ ਕੈਲਗਰੀ ਵਿੱਚ ਇੱਕ ਅਹਿਮ ਭਾਸ਼ਣ ਦੇ ਕੇ ਅਲਬਰਟਾ ਨੂੰ ਕੈਨੇਡਾ ਦੇ ਅੰਦਰ ਬਣਾਈ ਰੱਖਣ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।ਭਾਸ਼ਣ ਦੇ ਜਾਰੀ ਕੀਤੇ ਗਏ ਅੰਸ਼ਾਂ ਅਨੁਸਾਰ ਪੌਲੀਏਵ ਅਲਬਰਟਾ ਦੀ ਆਜ਼ਾਦੀ ਦੇ ਵਿਚਾਰ ਦਾ ਵਿਰੋਧ ਕਰਦੇ ਹੋਏ ਕਹਿਣਗੇ ਕਿ ਸੂਬੇ ਨੂੰ ਨਵਾਂ ਦੇਸ਼ ਬਣਾਉਣ ਦੀ ਲੋੜ ਨਹੀਂ, ਸਗੋਂ ਓਟਵਾ ਵਿੱਚ ਵੱਖਰੀਆਂ ਅਤੇ ਸੂਬੇ-ਹਿਤੈਸ਼ੀ ਨੀਤੀਆਂ ਦੀ ਲੋੜ ਹੈ।ਉਨ੍ਹਾਂ ਮੁਤਾਬਕ ਕੁਦਰਤੀ ਸਰੋਤਾਂ ਅਤੇ ਪਾਈਪਲਾਈਨਾਂ ਦੇ ਵਿਕਾਸ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨਾ, ਹਥਿਆਰ ਮਾਲਕਾਂ ਦੇ ਅਧਿਕਾਰਾਂ ਦਾ ਸਤਿਕਾਰ ਕਰਨਾ, ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ, ਟੈਕਸਾਂ ਵਿੱਚ ਰਾਹਤ, ਸੂਬਾਈ ਖੁਦਮੁਖਤਿਆਰੀ ਅਤੇ ਮੁਕਤ ਵਪਾਰ ਨੂੰ ਉਤਸ਼ਾਹਿਤ ਕਰਨਾ ਅਲਬਰਟਾ ਦੇ ਲੋਕਾਂ ਦੀਆਂ ਮੁੱਖ ਮੰਗਾਂ ਹਨ।ਅਲਬਰਟਾ ਵਿੱਚ 19 ਅਕਤੂਬਰ ਨੂੰ ਰਾਇਸ਼ੁਮਾਰੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਆਜ਼ਾਦੀ ਨਾਲ ਸਬੰਧਤ ਇੱਕ ਸਵਾਲ ਵੀ ਸ਼ਾਮਲ ਹੋਵੇਗਾ। ਹਾਲਾਂਕਿ, ਇਸ ਵਿੱਚ ਸਿੱਧੇ ਤੌਰ ’ਤੇ ਕੈਨੇਡਾ ਤੋਂ ਵੱਖ ਹੋਣ ਬਾਰੇ ਵੋਟ ਨਹੀਂ ਪਾਈ ਜਾਵੇਗੀ, ਸਗੋਂ ਇਹ ਪੁੱਛਿਆ ਜਾਵੇਗਾ ਕਿ ਕੀ ਸੂਬਾ ਕੈਨੇਡਾ ਦਾ ਹਿੱਸਾ ਬਣਿਆ ਰਹੇ ਜਾਂ ਵੱਖ ਹੋਣ ਲਈ ਸੰਵਿਧਾਨਕ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।
ਪੌਲੀਏਵ, ਜੋ ਪਿਛਲੇ ਸਾਲ ਤੋਂ ਅਲਬਰਟਾ ਦੇ ਬੈਟਲ ਰਿਵਰ—ਕਰੋਫੁੱਟ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ, ਪਹਿਲਾਂ ਵੀ ਆਪਣੇ ਆਪ ਨੂੰ ਇੱਕ ਮਜ਼ਬੂਤ ਕੈਨੇਡੀਅਨ ਦੱਸ ਚੁੱਕੇ ਹਨ। ਉਨ੍ਹਾਂ ਨੇ ਵਚਨ ਦਿੱਤਾ ਹੈ ਕਿ ਉਹ ਅਲਬਰਟਾ ਦੇ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ।ਇਸੇ ਦੌਰਾਨ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਵੀ ਕਈ ਵਾਰ ਕਹਿ ਚੁੱਕੀ ਹੈ ਕਿ ਉਹ ਅਲਬਰਟਾ ਨੂੰ ਕੈਨੇਡਾ ਦਾ ਅਟੁੱਟ ਹਿੱਸਾ ਬਣਿਆ ਦੇਖਣਾ ਚਾਹੁੰਦੀ ਹੈ। ਹਾਲਾਂਕਿ ਵਿਰੋਧੀ ਧਿਰਾਂ ਨੇ ਉਨ੍ਹਾਂ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਸਰਕਾਰ ਨੇ ਕਾਨੂੰਨ ਵਿੱਚ ਤਬਦੀਲੀ ਕਰਕੇ ਅਜਿਹੇ ਰੈਫਰੈਂਡਮ ਦੀ ਪ੍ਰਕਿਰਿਆ ਨੂੰ ਆਸਾਨ ਬਣਾਇਆ ਹੈ।
















