ਨਾਟੋ ਵੱਲੋਂ ਕੈਨੇਡੀਅਨ ਨਿਗਰਾਨੀ ਪ੍ਰਣਾਲੀ ਦੀ ਚੋਣ ਦੇ ਆਸਾਰ

ਨਾਟੋ ਵੱਲੋਂ ਕੈਨੇਡੀਅਨ ਨਿਗਰਾਨੀ ਪ੍ਰਣਾਲੀ ਦੀ ਚੋਣ ਦੇ ਆਸਾਰ

ਓਟਾਵਾ-ਮੀਡੀਆ ਰਿਪੋਰਟਾਂ ਮੁਤਾਬਕ ਨਾਟੋ ਆਪਣੇ ਪੁਰਾਣੇ ਨਿਗਰਾਨੀ (ਸਰਵੇਲੈਂਸ) ਸਿਸਟਮ ਨੂੰ ਬਦਲਣ ਲਈ ਜਲਦੀ ਹੀ ਕੈਨੇਡੀਅਨ ਤਕਨਾਲੋਜੀ ਦੀ ਚੋਣ ਕਰ ਸਕਦਾ ਹੈ, ਜਿਸ ਨਾਲ ਕੈਨੇਡਾ ਦੇ ਰੱਖਿਆ ਖੇਤਰ ਨੂੰ ਵੱਡਾ ਫ਼ਾਇਦਾ ਹੋਣ ਦੀ ਸੰਭਾਵਨਾ ਹੈ।ਰਿਪੋਰਟਾਂ ਅਨੁਸਾਰ ਸਾਬ ਅਤੇ ਬੰਬਾਰਡੀਅਰ ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤਾ ਗਿਆ ਗਲੋਬਲ ਆਈ (GlobalEye) ਸਿਸਟਮ ਨਾਟੋ ਦੇ ਮੌਜੂਦਾ ਜਹਾਜ਼ਾਂ ਦੀ ਥਾਂ ਲੈ ਸਕਦਾ ਹੈ। ਇਹ ਸਿਸਟਮ ਪੁਰਾਣੇ ਬੋਇੰਗ ਈ-3 ਸੈਂਟਰੀ ਜਹਾਜ਼ਾਂ ਦੀ ਜਗ੍ਹਾ ਲਿਆਉਣ ਲਈ ਵਿਚਾਰਧੀਨ ਹੈ।ਨਾਟੋ ਦੇ ਅਧਿਕਾਰੀਆਂ ਨੇ ਇਸ ਫੈਸਲੇ ਦੀ ਅਜੇ ਤੱਕ ਅਧਿਕਾਰਕ ਪੁਸ਼ਟੀ ਨਹੀਂ ਕੀਤੀ, ਪਰ ਉਨ੍ਹਾਂ ਨੇ ਕਿਹਾ ਹੈ ਕਿ ਨਵੀਂ ਹਵਾਈ ਚੇਤਾਵਨੀ ਅਤੇ ਕੰਟਰੋਲ ਸਮਰੱਥਾ (ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ) ਲਈ ਕੰਮ ਜਾਰੀ ਹੈ।ਗਲੋਬਲ ਆਈ ਸਿਸਟਮ ਇੱਕ ਅਧੁਨਿਕ ਨਿਗਰਾਨੀ ਤਕਨੀਕ ਹੈ, ਜੋ ਹਵਾਈ, ਸਮੁੰਦਰੀ ਅਤੇ ਜ਼ਮੀਨੀ ਖਤਰਿਆਂ ਨੂੰ ਲੰਬੀ ਦੂਰੀ ਤੋਂ ਪਛਾਣ ਸਕਦੀ ਹੈ। ਇਹ ਜਹਾਜ਼ 11 ਘੰਟਿਆਂ ਤੋਂ ਵੱਧ ਸਮੇਂ ਤੱਕ ਉਡਾਣ ਭਰ ਸਕਦਾ ਹੈ ਅਤੇ ਕ੍ਰਿਊ ਦੀ ਥਕਾਵਟ ਘਟਾਉਣ ਲਈ ਵੀ ਤਿਆਰ ਕੀਤਾ ਗਿਆ ਹੈ।

ਮੌਜੂਦਾ ਸਮੇਂ ਨਾਟੋ ਕੋਲ 14 ਬੋਇੰਗ ਈ-3 ਸੈਂਟਰੀ ਜਹਾਜ਼ ਹਨ, ਜੋ 1980 ਦੇ ਦਹਾਕੇ ਤੋਂ ਸੇਵਾ ਵਿੱਚ ਹਨ ਅਤੇ ਇਹਨਾਂ ਦੇ 2035 ਤੱਕ ਰਿਟਾਇਰ ਹੋਣ ਦੀ ਸੰਭਾਵਨਾ ਹੈ।ਇਸ ਤੋਂ ਪਹਿਲਾਂ ਨਾਟੋ ਨੇ ਬੋਇੰਗ ਈ-7 ਵੇਜਟੇਲ ਨੂੰ ਚੁਣਿਆ ਸੀ, ਪਰ 2025 ਵਿੱਚ ਅਮਰੀਕੀ ਹਵਾਈ ਸੈਨਾ ਵੱਲੋਂ ਇਸ ਪ੍ਰੋਗਰਾਮ ਤੋਂ ਹਟਣ ਤੋਂ ਬਾਅਦ ਯੋਜਨਾ ਵਿੱਚ ਬਦਲਾਅ ਕਰਨਾ ਪਿਆ।ਜੇ ਗਲੋਬਲ ਆਈ ਦੀ ਚੋਣ ਹੋ ਜਾਂਦੀ ਹੈ, ਤਾਂ 1982 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਨਾਟੋ ਇਸ ਕਿਸਮ ਦੇ ਮਿਸ਼ਨ ਲਈ ਬੋਇੰਗ ਤੋਂ ਇਲਾਵਾ ਕਿਸੇ ਹੋਰ ਕੰਪਨੀ ਦੇ ਜਹਾਜ਼ ਦੀ ਵਰਤੋਂ ਕਰੇਗਾ।ਇਸ ਵੇਲੇ ਯੂਨਾਈਟਡ ਅਰਬ ਅਮੀਰਾਤ, ਸਵੀਡਨ ਅਤੇ ਫਰਾਂਸ ਪਹਿਲਾਂ ਹੀ ਇਸ ਸਿਸਟਮ ਨੂੰ ਖਰੀਦ ਚੁੱਕੇ ਹਨ।