ਜਨਵਰੀ ਦੌਰਾਨ ਜੀਟੀਏ ’ਚ ਘਰਾਂ ਦੀ ਵਿਕਰੀ ਤੇ ਕੀਮਤਾਂ ਵਿੱਚ ਤੇਜ਼ ਗਿਰਾਵਟ
ਟੋਰਾਂਟੋ-ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਜਨਵਰੀ ਮਹੀਨੇ ਦੌਰਾਨ ਘਰਾਂ ਦੀ ਵਿਕਰੀ ਅਤੇ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ (TRREB) ਦੀ ਰਿਪੋਰਟ ਮੁਤਾਬਕ, ਜਨਵਰੀ 2026 ਵਿੱਚ ਘਰਾਂ ਦੀ ਵਿਕਰੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 19.3 ਫ਼ੀਸਦ ਘਟ ਗਈ।
ਰਿਪੋਰਟ ਅਨੁਸਾਰ ਇਸੇ ਅਰਸੇ ਦੌਰਾਨ ਘਰਾਂ ਦੀ ਔਸਤ ਵਿਕਰੀ ਕੀਮਤ ਵਿੱਚ ਵੀ 6.5 ਫ਼ੀਸਦ ਦੀ ਕਮੀ ਆਈ ਹੈ, ਜਦਕਿ ਮਾਰਕੀਟ ਵਿੱਚ ਵਿਕਰੀ ਲਈ ਉਪਲਬਧ ਘਰਾਂ ਦੀ ਗਿਣਤੀ 8.1 ਫ਼ੀਸਦ ਵੱਧ ਗਈ। ਜਨਵਰੀ ਮਹੀਨੇ ਦੌਰਾਨ ਜੀਟੀਏ ਵਿੱਚ ਕੁੱਲ 3,082 ਘਰ ਵੇਚੇ ਗਏ। ਇਸ ਸਮੇਂ ਘਰ ਦੀ ਔਸਤ ਕੀਮਤ $973,289 ਰਹੀ, ਜਦਕਿ 17,975 ਘਰ ਵਿਕਰੀ ਲਈ ਮਾਰਕੀਟ ਵਿੱਚ ਮੌਜੂਦ ਸਨ।
ਟੋਰਾਂਟੋ ਰੀਅਲ ਅਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਾਰਕੀਟ ਵਿੱਚ ਵੱਧ ਸਪਲਾਈ ਅਤੇ ਆਰਥਿਕ ਅਨਿਸ਼ਚਿਤਤਾ ਕਾਰਨ ਘਰਾਂ ਦੀ ਵਿਕਰੀ ਅਤੇ ਕੀਮਤਾਂ ’ਚ ਕਮਜ਼ੋਰੀ ਦਾ ਇਹ ਰੁਝਾਨ 2026 ਦੇ ਪਹਿਲੇ ਅੱਧ ਤੱਕ ਜਾਰੀ ਰਹਿ ਸਕਦਾ ਹੈ। ਬੋਰਡ ਮੁਤਾਬਕ, ਇਸ ਅਰਸੇ ਦੌਰਾਨ ਔਸਤ ਕੀਮਤਾਂ ’ਤੇ ਹੋਰ ਦਬਾਅ ਬਣਿਆ ਰਹਿਣ ਦੀ ਸੰਭਾਵਨਾ ਹੈ।
ਹਾਲਾਂਕਿ, ਜੇ ਸਾਲ ਦੇ ਦੂਜੇ ਹਿੱਸੇ ਵਿੱਚ ਗਾਹਕਾਂ ਵਿੱਚ ਰੀਅਲ ਅਸਟੇਟ ਮਾਰਕੀਟ ਪ੍ਰਤੀ ਭਰੋਸਾ ਸੁਧਰਦਾ ਹੈ, ਤਾਂ ਕੀਮਤਾਂ ਵਿੱਚ ਸਥਿਰਤਾ ਆ ਸਕਦੀ ਹੈ।
TRREB ਦੇ ਪ੍ਰਧਾਨ ਡੇਨੀਅਲ ਸਟੀਨਫ਼ੈਲਡ ਨੇ ਕਿਹਾ ਕਿ ਆਰਥਿਕ ਅਨਿਸ਼ਚਿਤਤਾ ਕਾਰਨ ਲੋਕ ਹਾਲੇ ਵੀ ਲੰਬੇ ਸਮੇਂ ਵਾਲੀਆਂ ਮੌਰਗੇਜ ਜ਼ਿੰਮੇਵਾਰੀਆਂ ਲੈਣ ਤੋਂ ਝਿਜਕ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਆਰਥਿਕ ਹਾਲਾਤਾਂ ਬਾਰੇ ਹੋਰ ਸਪਸ਼ਟਤਾ ਆਏਗੀ, ਤਿਵੇਂ ਹੋਰ ਖਰੀਦਦਾਰ ਮਾਰਕੀਟ ਵੱਲ ਵਾਪਸ ਆ ਸਕਦੇ ਹਨ।
ਇਸ ਦੇ ਨਾਲ ਹੀ TRREB ਵੱਲੋਂ ਜਾਰੀ ਇੱਕ ਸਰਵੇਖਣ ਮੁਤਾਬਕ, 2026 ਵਿੱਚ ਜੀਟੀਏ ਵਿੱਚ ਘਰ ਖਰੀਦਣ ਦਾ ਇਰਾਦਾ ਰੱਖਣ ਵਾਲੇ ਲੋਕਾਂ ਦੀ ਹਿੱਸੇਦਾਰੀ ਪਿਛਲੇ ਸਾਲ ਦੇ ਮੁਕਾਬਲੇ ਪੰਜ ਫ਼ੀਸਦ ਅੰਕ ਘਟ ਕੇ 22 ਫ਼ੀਸਦ ਰਹਿ ਗਈ ਹੈ।
















