ਜਨਵਰੀ 2026 ਦੌਰਾਨ ਹਰਿਆਣਾ ਵਿੱਚ ਅਪਰਾਧ ਦਰ 8.24 ਫ਼ੀਸਦ ਘਟੀ : ਡੀਜੀਪੀ
ਚੰਡੀਗੜ੍ਹ/ਹਰਿਆਣਾ — ਹਰਿਆਣਾ ਪੁਲਿਸ ਦੀ ਕਿਰਿਆਸ਼ੀਲ ਰਣਨੀਤੀ ਅਤੇ ਕੇਂਦ੍ਰਿਤ ਕਾਰਵਾਈਆਂ ਦੇ ਨਤੀਜੇ ਵਜੋਂ ਜਨਵਰੀ 2026 ਦੌਰਾਨ ਰਾਜ ਵਿੱਚ ਅਪਰਾਧ ਦਰ ਵਿੱਚ 8.24 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਹਰਿਆਣਾ ਪੁਲਿਸ ਵੱਲੋਂ ਜਾਰੀ ਅੰਕੜਿਆਂ ਵਿੱਚ ਸਾਹਮਣੇ ਆਈ ਹੈ।
ਰਾਜ ਪੁਲਿਸ ਦੇ ਬੁਲਾਰੇ ਮੁਤਾਬਕ, ਜਨਵਰੀ 2025 ਵਿੱਚ ਜਿੱਥੇ 10,115 ਅਪਰਾਧਕ ਮਾਮਲੇ ਦਰਜ ਹੋਏ ਸਨ, ਉੱਥੇ ਜਨਵਰੀ 2026 ਵਿੱਚ ਇਹ ਗਿਣਤੀ ਘਟ ਕੇ 9,492 ਰਹਿ ਗਈ। ਅੰਕੜਿਆਂ ਅਨੁਸਾਰ ਬਲਾਤਕਾਰ ਦੇ ਮਾਮਲਿਆਂ ਵਿੱਚ 54.55 ਫ਼ੀਸਦ, ਐਸਸੀ/ਐਸਟੀ ਐਕਟ ਅਧੀਨ ਮਾਮਲਿਆਂ ਵਿੱਚ 32.91 ਫ਼ੀਸਦ ਅਤੇ ਡਕੈਤੀ ਦੇ ਮਾਮਲਿਆਂ ਵਿੱਚ 77 ਫ਼ੀਸਦ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ।
ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਅਜੈ ਸਿੰਘਲ ਨੇ ਕਿਹਾ ਕਿ ਹਰਿਆਣਾ ਪੁਲਿਸ ਦਾ ਟੀਚਾ ਸਿਰਫ਼ ਅਪਰਾਧ ਨੂੰ ਕਾਬੂ ਕਰਨਾ ਹੀ ਨਹੀਂ, ਸਗੋਂ ਇੱਕ ਅਜਿਹਾ ਸੁਰੱਖਿਅਤ, ਸੰਵੇਦਨਸ਼ੀਲ ਅਤੇ ਭਰੋਸੇਯੋਗ ਮਾਹੌਲ ਤਿਆਰ ਕਰਨਾ ਹੈ ਜਿੱਥੇ ਹਰ ਨਾਗਰਿਕ, ਖ਼ਾਸ ਕਰਕੇ ਔਰਤਾਂ, ਬੱਚੇ ਅਤੇ ਕਮਜ਼ੋਰ ਵਰਗ, ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
ਉਨ੍ਹਾਂ ਦੱਸਿਆ ਕਿ ਵਿਜ਼ਨ–2026 ਤਹਿਤ ਹਰਿਆਣਾ ਪੁਲਿਸ ਸਰਗਰਮ, ਤਕਨਾਲੋਜੀ-ਅਧਾਰਿਤ ਅਤੇ ਖੁਫੀਆ ਜਾਣਕਾਰੀ ’ਤੇ ਆਧਾਰਿਤ ਪੁਲਿਸਿੰਗ ਨੂੰ ਹੋਰ ਮਜ਼ਬੂਤ ਕਰੇਗੀ। ਅਪਰਾਧ ਰੋਕਥਾਮ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਅਪਰਾਧ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕੇ।
ਡੀਜੀਪੀ ਨੇ ਦੱਸਿਆ ਕਿ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ, ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਜਨਵਰੀ 2026 ਵਿੱਚ ਬਲਾਤਕਾਰ ਦੇ ਮਾਮਲੇ 99 ਤੋਂ ਘਟ ਕੇ 45 ਰਹਿ ਗਏ, ਜਦਕਿ ਬਲਾਤਕਾਰ ਦੀ ਕੋਸ਼ਿਸ਼, ਪੋਕਸੋ ਐਕਟ ਅਤੇ ਛੇੜਛਾੜ ਦੇ ਮਾਮਲਿਆਂ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਾਇਦਾਦ ਅਤੇ ਹਿੰਸਕ ਅਪਰਾਧਾਂ ’ਤੇ ਵੀ ਪ੍ਰਭਾਵਸ਼ਾਲੀ ਕੰਟਰੋਲ ਸਥਾਪਿਤ ਕੀਤਾ ਗਿਆ ਹੈ। ਚੋਰੀ ਦੇ ਮਾਮਲਿਆਂ ਵਿੱਚ 31 ਫ਼ੀਸਦ, ਸਨੈਚਿੰਗ ਵਿੱਚ 23 ਫ਼ੀਸਦ ਅਤੇ ਖੋਹ ਵਿੱਚ 20 ਫ਼ੀਸਦ ਦੀ ਕਮੀ ਆਈ ਹੈ। ਇਸੇ ਤਰ੍ਹਾਂ, ਕਤਲ ਦੀ ਕੋਸ਼ਿਸ਼, ਗੰਭੀਰ ਸੱਟਾਂ ਅਤੇ ਕਤਲ ਦੇ ਮਾਮਲਿਆਂ ਵਿੱਚ ਵੀ ਕਾਫ਼ੀ ਗਿਰਾਵਟ ਦਰਜ ਹੋਈ ਹੈ।
ਗੈਂਗਸਟਰਾਂ, ਸੰਗਠਿਤ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਡੀਜੀਪੀ ਨੇ ਦੱਸਿਆ ਕਿ ਜਨਵਰੀ ਮਹੀਨੇ ਦੌਰਾਨ ਪੁਲਿਸ ਵੱਲੋਂ 17 ਮੁਕਾਬਲੇ ਕੀਤੇ ਗਏ ਅਤੇ 26 ਅਪਰਾਧੀ ਗ੍ਰਿਫ਼ਤਾਰ ਕੀਤੇ ਗਏ। ਇਸ ਅਰਸੇ ਦੌਰਾਨ 9,561 ਅਪਰਾਧੀਆਂ ਦੀ ਗ੍ਰਿਫ਼ਤਾਰੀ ਕੀਤੀ ਗਈ, ਜਿਨ੍ਹਾਂ ਵਿੱਚ ਕਈ ਇਨਾਮੀ ਅਤੇ ਭਗੌੜੇ ਅਪਰਾਧੀ ਸ਼ਾਮਲ ਹਨ।
ਜਨਤਕ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਡਾਇਲ–112 ’ਤੇ ਮਿਲੀਆਂ 1,15,342 ਕਾਲਾਂ ਵਿੱਚੋਂ 92 ਫ਼ੀਸਦ ਕਾਲਾਂ ਦਾ ਸਫ਼ਲ ਹੱਲ ਕੀਤਾ ਗਿਆ। ਇਸ ਤੋਂ ਇਲਾਵਾ, ਸੜਕ ਸੁਰੱਖਿਆ, ਸਾਈਬਰ ਅਪਰਾਧ, ਮਹਿਲਾ ਸੁਰੱਖਿਆ ਅਤੇ ਸਮਾਜਿਕ ਜਾਗਰੂਕਤਾ ਲਈ ਹਜ਼ਾਰਾਂ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ।
















