ਵਪਾਰ ਮਿਸ਼ਨ: ਪ੍ਰਧਾਨ ਮੰਤਰੀ ਮਾਰਕ ਕਾਰਨੀ 26 ਫਰਵਰੀ ਤੋਂ ਭਾਰਤ ਦੌਰੇ ‘ਤੇ

ਵਪਾਰ ਮਿਸ਼ਨ:  ਪ੍ਰਧਾਨ ਮੰਤਰੀ ਮਾਰਕ ਕਾਰਨੀ 26 ਫਰਵਰੀ ਤੋਂ ਭਾਰਤ ਦੌਰੇ ‘ਤੇ

ਭਾਰਤ, ਆਸਟ੍ਰੇਲੀਆ ਅਤੇ ਜਪਾਨ ਦੇ 9 ਦਿਨਾਂ ਦੌਰੇ ਦੌਰਾਨ ਵਪਾਰ ਤੇ ਰਣਨੀਤਿਕ ਸਹਿਯੋਗ ‘ਤੇ ਫੋਕਸ

ਓਟਵਾ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 26 ਫਰਵਰੀ ਤੋਂ ਭਾਰਤ ਦੇ ਦੌਰੇ ‘ਤੇ ਆ ਰਹੇ ਹਨ। ਵਿਵਾਦਾਂ ਤੋਂ ਬਾਅਦ ਇਹ ਕਿਸੇ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਪਹਿਲੀ ਭਾਰਤ ਯਾਤਰਾ ਹੋਵੇਗੀ ਜਿਸਨੂੰ ਦੋਨਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਨਵੀਂ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।

ਕਾਰਨੀ ਭਾਰਤ, ਆਸਟ੍ਰੇਲੀਆ ਅਤੇ ਜਪਾਨ ਦੇ 9 ਦਿਨਾਂ ਵਪਾਰਕ ਦੌਰੇ ‘ਤੇ ਜਾਣਗੇ। ਦੌਰੇ ਦਾ ਉਦੇਸ਼ ਅਮਰੀਕਾ ‘ਤੇ ਵਪਾਰਕ ਨਿਰਭਰਤਾ ਘਟਾਉਂਦੇ ਹੋਏ ਇੰਡੋ-ਪੈਸਿਫਿਕ ਦੇਸ਼ਾਂ ਨਾਲ ਆਰਥਿਕ ਸੰਬੰਧ ਮਜ਼ਬੂਤ ਕਰਨਾ ਹੈ।

ਕਾਰਨੀ ਸਭ ਤੋਂ ਪਹਿਲਾਂ ਮੁੰਬਈ ਪਹੁੰਚ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਦਯੋਗਿਕ ਆਗੂਆਂ ਨਾਲ ਵਪਾਰਕ ਮੌਕਿਆਂ ‘ਤੇ ਗੱਲਬਾਤ ਕਰਨਗੇ। ਇਸ ਤੋਂ ਬਾਅਦ ਉਹ ਕੈਨਬਰਾ ਵਿੱਚ ਆਸਟ੍ਰੇਲੀਆਈ ਸੰਸਦ ਨੂੰ ਸੰਬੋਧਨ ਕਰਨਗੇ ਅਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਰੱਖਿਆ ਸਹਿਯੋਗ ਅਤੇ ਏਆਈ ਖੇਤਰ ‘ਤੇ ਵਿਚਾਰ ਵਟਾਂਦਰਾ ਕਰਨਗੇ। ਦੌਰੇ ਦੇ ਅੰਤਿਮ ਪੜਾਅ ‘ਚ ਉਹ ਟੋਕੀਓ ਜਾ ਕੇ ਜਪਾਨ ਦੀ ਆਗੂ ਤਾਕਾਈਚੀ ਸਾਨਾਏ ਨਾਲ ਕਲੀਨ ਊਰਜਾ, ਜ਼ਰੂਰੀ ਖਣਿਜ ਅਤੇ ਖਾਦ ਸੁਰੱਖਿਆ ‘ਤੇ ਚਰਚਾ ਕਰਨਗੇ।