ਅਲਬਰਟਾ ਵੱਲੋਂ ਡਾਕਟਰਾਂ ਲਈ $7.7 ਬਿਲੀਅਨ ਦਾ ਇਤਿਹਾਸਕ ਨਿਵੇਸ਼

ਅਲਬਰਟਾ ਵੱਲੋਂ ਡਾਕਟਰਾਂ ਲਈ $7.7 ਬਿਲੀਅਨ ਦਾ ਇਤਿਹਾਸਕ ਨਿਵੇਸ਼

ਸਿਹਤ ਸੇਵਾਵਾਂ ਤੱਕ ਪਹੁੰਚ ਸੁਧਾਰਣ ਅਤੇ ਡਾਕਟਰਾਂ ਦੀ ਭਰਤੀ-ਸਿਖਲਾਈ ਨੂੰ ਮਿਲੇਗਾ ਵੱਡਾ ਬਲ

ਅਲਬਰਟਾ-ਅਲਬਰਟਾ ਸਰਕਾਰ ਨੇ ਡਾਕਟਰਾਂ ਵਿੱਚ ਇਤਿਹਾਸਕ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਜੇ ਬਜਟ 2026 ਪਾਸ ਹੋ ਜਾਂਦਾ ਹੈ ਤਾਂ 2026-27 ਲਈ ਡਾਕਟਰਾਂ ‘ਤੇ $7.7 ਬਿਲੀਅਨ ਖਰਚ ਕੀਤੇ ਜਾਣਗੇ, ਜੋ ਪਿਛਲੇ ਸਾਲ ਨਾਲੋਂ $1.4 ਬਿਲੀਅਨ ਜਾਂ 22 ਫੀਸਦੀ ਵੱਧ ਹੈ।

ਇਸ ਨਿਵੇਸ਼ ਦਾ ਮਕਸਦ ਡਾਕਟਰਾਂ ਦੀ ਭਰਤੀ, ਸਿਖਲਾਈ, ਮੁਆਵਜ਼ਾ ਅਤੇ ਸੇਵਾਵਾਂ ਦੇ ਵਿਸਥਾਰ ਰਾਹੀਂ ਲੋਕਾਂ ਨੂੰ ਸਮੇਂ ਸਿਰ ਅਤੇ ਉੱਚ ਗੁਣਵੱਤਾ ਵਾਲੀ ਸਿਹਤ ਸੇਵਾ ਮੁਹੱਈਆ ਕਰਵਾਉਣਾ ਹੈ। ਸਰਕਾਰ ਮੁਤਾਬਕ ਪਰਿਵਾਰਕ ਡਾਕਟਰਾਂ, ਸਰਜਨਾਂ ਅਤੇ ਮਾਹਰਾਂ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਡੈਨੀਅਲ ਸਮਿਥ ਨੇ ਕਿਹਾ ਕਿ ਸੂਬੇ ਦੇ ਲੋਕਾਂ ਲਈ ਡਾਕਟਰ ਤੱਕ ਪਹੁੰਚ ਇੱਕ ਮੁੱਖ ਤਰਜੀਹ ਹੈ ਅਤੇ ਇਹ ਨਿਵੇਸ਼ ਪਰਿਵਾਰਾਂ ਨੂੰ ਬਿਹਤਰ ਸੇਵਾ ਦੇਣ ਵੱਲ ਵੱਡਾ ਕਦਮ ਹੈ।ਐਡਰੀਆਨਾ ਲਾਗਰੇਂਜ ਨੇ ਦੱਸਿਆ ਕਿ ਸੂਬੇ ਵਿੱਚ ਡਾਕਟਰਾਂ ਦੀ ਰਿਕਾਰਡ ਗਿਣਤੀ ਅਤੇ ਸਰਜਰੀਆਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਇਹ ਫੰਡ ਇਲਾਜ, ਮੁਲਾਕਾਤਾਂ ਅਤੇ ਸਿਖਲਾਈ ਲਈ ਮਦਦਗਾਰ ਸਾਬਤ ਹੋਵੇਗਾ।ਸਰਕਾਰ ਪਹਿਲਾਂ ਹੀ ਨਵਾਂ ਪ੍ਰਾਇਮਰੀ ਕੇਅਰ ਮੁਆਵਜ਼ਾ ਮਾਡਲ ਲਾਗੂ ਕਰ ਚੁੱਕੀ ਹੈ ਅਤੇ ਇਸ ਲਈ ਦੋ ਸਾਲਾਂ ਵਿੱਚ $200 ਮਿਲੀਅਨ ਦਿੱਤੇ ਗਏ ਹਨ, ਜਦਕਿ ਪਰਿਵਾਰਕ ਡਾਕਟਰਾਂ ਅਤੇ ਨਰਸ ਪ੍ਰੈਕਟੀਸ਼ਨਰਾਂ ਦੀ ਮਦਦ ਲਈ ਤਿੰਨ ਸਾਲਾਂ ਵਿੱਚ $57 ਮਿਲੀਅਨ ਰੱਖੇ ਗਏ ਹਨ। ਇਸ ਵੇਲੇ ਸੂਬੇ ਵਿੱਚ 13,000 ਤੋਂ ਵੱਧ ਡਾਕਟਰ ਰਜਿਸਟਰਡ ਹਨ, ਜੋ ਪਿਛਲੇ ਦਹਾਕੇ ਨਾਲੋਂ 34 ਫੀਸਦੀ ਵੱਧ ਹਨ। ਸਰਕਾਰ ਦਾ ਕਹਿਣਾ ਹੈ ਕਿ ਉਹ ਇੱਕ ਟਿਕਾਊ ਅਤੇ ਆਧੁਨਿਕ ਸਿਹਤ ਪ੍ਰਣਾਲੀ ਬਣਾਉਣ ਲਈ ਵਚਨਬੱਧ ਹੈ।