ਐਡਮੰਟਨ ਸਿਟੀ ਕੌਂਸਲ ਵੱਲੋਂ ਟ੍ਰਾਂਜ਼ਿਟ ਤੇ ਡਾਊਨਟਾਊਨ ਸੁਰੱਖਿਆ ‘ਤੇ ਵਿਚਾਰ-ਵਟਾਂਦਰਾ
ਐਡਮੰਟਨ-ਸ਼ਹਿਰ ਦੀ ਸਿਟੀ ਕੌਂਸਲ ਨੇ ਬੁੱਧਵਾਰ ਨੂੰ ਟ੍ਰਾਂਜ਼ਿਟ ਪ੍ਰਣਾਲੀ ਨੂੰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਉਣ ਅਤੇ ਡਾਊਨਟਾਊਨ ਇਲਾਕੇ ਦੀ ਸੁਰੱਖਿਆ ਨੂੰ ਸੁਧਾਰਨ ਸੰਬੰਧੀ ਮਹੱਤਵਪੂਰਨ ਵਿਚਾਰ-ਵਟਾਂਦਰਾ ਕੀਤਾ।ਪਾਪਾਸਟਿਊ ਵਾਰਡ ਦੇ ਕੌਂਸਲਰ ਮਾਈਕਲ ਜੈਂਜ਼ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬੱਸਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਖਾਸ ਕਦਮ ਚੁੱਕੇ ਜਾਣ, ਖ਼ਾਸ ਕਰਕੇ ਵਾਈਟ ਐਵਿਨਿਊ ‘ਤੇ, ਜੋ ਸ਼ਹਿਰ ਦੇ ਦਰਿਆਈ ਖੇਤਰ ਤੋਂ ਦੱਖਣ ਵੱਲ ਸਥਿਤ ਹੈ।ਉਨ੍ਹਾਂ ਕਿਹਾ ਕਿ ਵਾਈਟ ਐਵਿਨਿਊ ਨੂੰ ਇੱਕ ਮੁੱਖ ਸੜਕ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਭਾਰੀ ਟ੍ਰੈਫਿਕ ਅਤੇ ਪ੍ਰਦੂਸ਼ਣ ਦਾ ਕੇਂਦਰ ਬਣਾਇਆ ਜਾਵੇ। ਇਸ ਮਾਮਲੇ ‘ਤੇ ਹੋਰ ਵਿਚਾਰ ਸ਼ਹਿਰ ਦੇ ਅਗਲੇ ਚਾਰ ਸਾਲਾਂ ਦੇ ਬਜਟ ਦੌਰਾਨ ਕੀਤਾ ਜਾਵੇਗਾ।
ਇਸ ਗਰਮੀ ਦੌਰਾਨ ਵਾਈਟ ਐਵਿਨਿਊ ‘ਤੇ ਕੁਝ ਛੋਟੇ ਬਦਲਾਅ ਕੀਤੇ ਜਾਣਗੇ, ਜਿਵੇਂ ਕਿ ਸੜਕਾਂ ਦੇ ਕਿਨਾਰੇ ਸੁਧਾਰ ਅਤੇ ਕੁਝ ਖਾਸ ਪੈਦਲ ਯਾਤਰੀ ਕਰਾਸਿੰਗਾਂ ਨੂੰ ਹਟਾਉਣਾ। ਮਾਈਕਲ ਜੈਂਜ਼ ਦਾ ਮੰਨਣਾ ਹੈ ਕਿ ਇਸ ਸੜਕ ‘ਤੇ ਪੈਦਲ ਯਾਤਰੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ।
ਇਸੇ ਦੌਰਾਨ, ਚਾਈਨਾਟਾਊਨ ਖੇਤਰ ਦੀ 101 ਸਟ੍ਰੀਟ ‘ਤੇ ਬੱਸਾਂ ਲਈ ਖਾਸ ਲੇਨ ਬਣਾਉਣ ਤੋਂ ਬਾਅਦ ਵਪਾਰੀਆਂ ਵੱਲੋਂ ਪਾਰਕਿੰਗ ਘਟਣ ‘ਤੇ ਐਤਰਾਜ਼ ਕੀਤਾ ਗਿਆ ਸੀ। ਇਸ ਮਾਮਲੇ ‘ਚ ਕੌਂਸਲ ਨੇ ਫੈਸਲਾ ਕੀਤਾ ਹੈ ਕਿ ਗੈਰ-ਭੀੜ ਵਾਲੇ ਸਮੇਂ ‘ਚ ਸੜਕ ਪਾਰਕਿੰਗ ਮੁੜ ਸ਼ੁਰੂ ਕੀਤੀ ਜਾਵੇਗੀ ਅਤੇ ਛੇ ਮਹੀਨਿਆਂ ਬਾਅਦ ਇਸਦਾ ਅਸਰ ਵੇਖਿਆ ਜਾਵੇਗਾ।ਓ-ਡੇ-ਮਿਨ ਵਾਰਡ ਦੀ ਕੌਂਸਲਰ ਐਨ ਸਟੀਵਨਸਨ ਨੇ ਕਿਹਾ ਕਿ ਟ੍ਰਾਂਜ਼ਿਟ ਸ਼ਹਿਰ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ‘ਚ ਹੋਣ ਵਾਲੇ ਬਦਲਾਅ ‘ਤੇ ਨਜ਼ਦੀਕੀ ਨਿਗਰਾਨੀ ਰੱਖੀ ਜਾਵੇਗੀ।
ਡਾਊਨਟਾਊਨ ਸੁਰੱਖਿਆ ਦੇ ਮਸਲੇ ‘ਤੇ ਵੀ ਕੌਂਸਲ ਵਿੱਚ ਗੰਭੀਰ ਚਰਚਾ ਹੋਈ। ਡਾਊਨਟਾਊਨ ਰਿਵਾਈਟਲਾਈਜ਼ੇਸ਼ਨ ਕੋਅਲੀਸ਼ਨ ਨੇ ਸ਼ਹਿਰ ਨੂੰ ਕੈਨੇਡਾ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਬਣਾਉਣ ਲਈ ਕਈ ਮੰਗਾਂ ਰੱਖੀਆਂ ਹਨ।ਕੋਅਲੀਸ਼ਨ ਦੀ ਚੇਅਰਪਰਸਨ ਸ਼ੈਰਿਲ ਵਾਟਸਨ ਨੇ ਕਿਹਾ ਕਿ ਟ੍ਰਾਂਜ਼ਿਟ ਅਤੇ ਪੀਸ ਅਧਿਕਾਰੀਆਂ ਨੂੰ ਸਿੱਧੇ ਤੌਰ ‘ਤੇ ਪੁਲਿਸ ਸੇਵਾ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਵੱਲੋਂ ਰਹਾਇਸ਼ ਅਤੇ ਇਲਾਜ ਲਈ ਵੱਧ ਨਿਵੇਸ਼ ਕੀਤਾ ਜਾਵੇ।ਉਨ੍ਹਾਂ ਨੇ ਇਹ ਵੀ ਦਰਸਾਇਆ ਕਿ ਸੰਕਟਕਾਲੀਨ ਸੇਵਾਵਾਂ ਵਿੱਚ ਦੇਰੀ ਆ ਰਹੀ ਹੈ, ਜਿਸਨੂੰ ਸੁਧਾਰਨ ਦੀ ਲੋੜ ਹੈ।ਕੌਂਸਲਰ ਐਨ ਸਟੀਵਨਸਨ ਨੇ ਕਿਹਾ ਕਿ ਸ਼ਹਿਰ ਦੇ ਬਜਟ ਵਿੱਚ ਇਸ ਸੰਬੰਧੀ ਪ੍ਰਬੰਧ ਮੌਜੂਦ ਹਨ, ਪਰ ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਸੁਧਾਰਨ ਦੀ ਲੋੜ ਹੈ।
















