ਬੀ.ਸੀ. ਨਰਸਾਂ ਨੇ ਵਿਚੋਲਗੀ ਦੌਰਾਨ ਪਿਕੇਟ ਲਾਈਨਾਂ ਅਸਥਾਈ ਤੌਰ 'ਤੇ ਰੋਕੀਆਂ, ਨੌਕਰੀ ਸੰਘਰਸ਼ ਜਾਰੀ ਰਹੇਗਾ

ਬੀ.ਸੀ. ਨਰਸਾਂ ਨੇ ਵਿਚੋਲਗੀ ਦੌਰਾਨ ਪਿਕੇਟ ਲਾਈਨਾਂ ਅਸਥਾਈ ਤੌਰ 'ਤੇ ਰੋਕੀਆਂ, ਨੌਕਰੀ ਸੰਘਰਸ਼ ਜਾਰੀ ਰਹੇਗਾ

ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਨਰਸਜ਼ ਯੂਨੀਅਨ (BCNU) ਨੇ ਐਲਾਨ ਕੀਤਾ ਹੈ ਕਿ ਵਿਚੋਲਗੀ (ਮੈਡੀਏਸ਼ਨ) ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਮੰਗਲਵਾਰ ਦੇ ਅੰਤ ਤੋਂ ਆਪਣੀਆਂ ਪਿਕੇਟ ਲਾਈਨਾਂ ਅਸਥਾਈ ਤੌਰ 'ਤੇ ਰੋਕ ਦਿੱਤੀਆਂ ਜਾਣਗੀਆਂ। ਯੂਨੀਅਨ ਨੇ ਇਸ ਨੂੰ "ਸਦਭਾਵਨਾ ਅਤੇ ਗੱਲਬਾਤ ਪ੍ਰਤੀ ਵਚਨਬੱਧਤਾ" ਦਾ ਸੰਕੇਤ ਕਰਾਰ ਦਿੱਤਾ ਹੈ।

ਬੀ.ਸੀ. ਨਰਸਜ਼ ਯੂਨੀਅਨ ਦੀ ਪ੍ਰਧਾਨ ਐਡਰੀਆਨ ਗੀਅਰ ਨੇ ਕਿਹਾ ਕਿ ਨਰਸਜ਼ ਬਾਰਗੇਨਿੰਗ ਐਸੋਸੀਏਸ਼ਨ (NBA) ਅਤੇ ਹੈਲਥ ਇੰਪਲਾਇਰਜ਼ ਐਸੋਸੀਏਸ਼ਨ ਆਫ਼ ਬੀ.ਸੀ. (HEABC) ਵਿਚਾਲੇ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਅਤੇ ਯੂਨੀਅਨ ਨੂੰ ਸਾਵਧਾਨੀ ਭਰੀ ਉਮੀਦ ਹੈ ਕਿ ਇਸ ਰਾਹੀਂ ਕੋਈ ਸਕਾਰਾਤਮਕ ਹੱਲ ਨਿਕਲੇਗਾ।

ਉਨ੍ਹਾਂ ਕਿਹਾ ਕਿ ਨਰਸਾਂ ਦੀਆਂ ਮੁੱਖ ਮੰਗਾਂ ਵਿੱਚ ਹਸਪਤਾਲਾਂ ਵਿੱਚ ਲੋੜੀਂਦੀ ਸਟਾਫ਼ ਦੀ ਉਪਲਬਧਤਾ, ਸੁਰੱਖਿਅਤ ਕੰਮਕਾਜ ਵਾਲਾ ਮਾਹੌਲ, ਕੰਮ ਦੇ ਬੋਝ ਨੂੰ ਘਟਾਉਣਾ ਅਤੇ ਉਚਿਤ ਤਨਖ਼ਾਹ ਸ਼ਾਮਲ ਹਨ। ਯੂਨੀਅਨ ਦਾ ਕਹਿਣਾ ਹੈ ਕਿ ਇਹ ਮੁੱਦੇ ਕਈ ਮਹੀਨਿਆਂ ਤੋਂ ਸਰਕਾਰ ਅਤੇ ਸਿਹਤ ਅਧਿਕਾਰੀਆਂ ਸਾਹਮਣੇ ਉਠਾਏ ਜਾ ਰਹੇ ਹਨ।ਦੱਸ ਦੇਈਏ ਕਿ ਪਿਕੇਟ ਲਾਈਨਾਂ ਭਾਵੇਂ ਅਸਥਾਈ ਤੌਰ 'ਤੇ ਰੋਕੀਆਂ ਜਾ ਰਹੀਆਂ ਹਨ, ਪਰ ਨੌਕਰੀ ਸੰਘਰਸ਼ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਯੂਨੀਅਨ ਵੱਲੋਂ ਗੈਰ-ਨਰਸਿੰਗ ਕੰਮ ਕਰਨ 'ਤੇ ਸੂਬਾ-ਪੱਧਰੀ ਪਾਬੰਦੀ ਅਤੇ ਓਵਰਟਾਈਮ ਕਰਨ 'ਤੇ ਲਗਾਈਆਂ ਗਈਆਂ ਪਾਬੰਦੀਆਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ।

ਨਰਸਾਂ ਨੇ 29 ਜੂਨ ਨੂੰ 72 ਘੰਟਿਆਂ ਦਾ ਹੜਤਾਲ ਨੋਟਿਸ ਦੇਣ ਤੋਂ ਬਾਅਦ 2 ਜੁਲਾਈ ਤੋਂ ਨੌਕਰੀ ਸੰਘਰਸ਼ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਸੀ। ਯੂਨੀਅਨ ਦਾ ਦੋਸ਼ ਹੈ ਕਿ ਸਿਹਤ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਬਾਰੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਗਿਆ।ਪਿਛਲੇ ਹਫ਼ਤੇ ਵੈਨਕੂਵਰ ਜਨਰਲ ਹਸਪਤਾਲ, ਸਰੀ ਮੈਮੋਰੀਅਲ ਹਸਪਤਾਲ ਅਤੇ ਜਿਮ ਪੈਟਿਸਨ ਆਊਟਪੇਸ਼ੈਂਟ ਕੇਅਰ ਐਂਡ ਸਰਜਰੀ ਸੈਂਟਰ ਦੇ ਬਾਹਰ ਪਿਕੇਟ ਲਾਈਨਾਂ ਲਗਾਈਆਂ ਗਈਆਂ ਸਨ, ਜਦਕਿ ਹਫ਼ਤੇ ਦੇ ਅੰਤ ਵਿੱਚ ਇਹ ਸੰਘਰਸ਼ ਵੈਨਕੂਵਰ ਆਈਲੈਂਡ ਤੱਕ ਵੀ ਫੈਲ ਗਿਆ ਸੀ।ਸੂਬਾਈ ਸਰਕਾਰ ਨੇ ਗੱਲਬਾਤ ਨੂੰ ਅੱਗੇ ਵਧਾਉਣ ਲਈ ਵਿੰਸ ਰੈਡੀ ਅਤੇ ਅਮਾਂਡਾ ਰੋਜਰਜ਼ ਨੂੰ ਵਿਚੋਲੇ (ਮੈਡੀਏਟਰ) ਨਿਯੁਕਤ ਕੀਤਾ ਹੈ।

ਨਰਸਜ਼ ਬਾਰਗੇਨਿੰਗ ਐਸੋਸੀਏਸ਼ਨ ਦੇ ਮੁੱਖ ਵਾਰਤਾਕਾਰ ਜਿਮ ਗੋਲਡ ਨੇ ਕਿਹਾ ਕਿ ਵਿਚੋਲਗੀ ਦੀ ਪ੍ਰਕਿਰਿਆ ਨਾਲ ਗੱਲਬਾਤ ਵਿੱਚ ਅਹਿਮ ਤਰੱਕੀ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਿਕੇਟ ਲਾਈਨਾਂ ਰੋਕਣ ਦੇ ਬਾਵਜੂਦ ਯੂਨੀਅਨ ਆਪਣੇ ਹੱਕਾਂ ਲਈ ਵਚਨਬੱਧ ਹੈ ਅਤੇ ਜੇ ਲੋੜ ਪਈ ਤਾਂ ਨਰਸਾਂ ਲਈ ਯੋਗ ਸਮਝੌਤਾ ਹਾਸਲ ਕਰਨ ਵਾਸਤੇ ਅੱਗੇ ਵੀ ਲੋੜੀਂਦੇ ਕਦਮ ਚੁੱਕੇ ਜਾਣਗੇ।