ਕੈਲਗਰੀ ਟ੍ਰਾਂਜ਼ਿਟ ਵੱਲੋਂ ਦੂਰੀ ਅਧਾਰਿਤ ਕਿਰਾਏ ਲਾਗੂ ਕਰਨ ਦੀ ਤਿਆਰੀ
ਕੈਲਗਰੀ-ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਟ੍ਰਾਂਜ਼ਿਟ ਸੇਵਾਵਾਂ ਲਈ ਦੂਰੀ ਜਾਂ ਸਮੇਂ ਅਧਾਰਿਤ ਕਿਰਾਏ ਲਾਗੂ ਕਰਨ ਬਾਰੇ ਗੰਭੀਰ ਵਿਚਾਰ ਚੱਲ ਰਿਹਾ ਹੈ। ਵੀਰਵਾਰ ਨੂੰ ਸਿਟੀ ਕੌਂਸਲ ਦੀ ਇੰਫਰਾਸਟਰਕਚਰ ਅਤੇ ਪਲਾਨਿੰਗ ਕਮੇਟੀ ਨੇ ਨਵੀਂ ਫੇਅਰ ਰਣਨੀਤੀ ਤਿਆਰ ਕਰਨ ਲਈ ਕੁਝ ਮੁੱਢਲੇ ਸਿਧਾਂਤਾਂ ਨੂੰ ਮਨਜ਼ੂਰੀ ਦਿੱਤੀ।ਪ੍ਰਸਤਾਵਿਤ ਯੋਜਨਾ ਅਨੁਸਾਰ ਭਵਿੱਖ ਵਿੱਚ ਯਾਤਰੀਆਂ ਤੋਂ ਉਨ੍ਹਾਂ ਦੇ ਸਫ਼ਰ ਦੀ ਦੂਰੀ, ਯਾਤਰਾ ਦੇ ਸਮੇਂ ਜਾਂ ਖ਼ਾਸ ਸਟੇਸ਼ਨਾਂ ਅਤੇ ਪ੍ਰੀਮੀਅਮ ਸੇਵਾਵਾਂ ਦੇ ਅਧਾਰ ‘ਤੇ ਵੱਖ-ਵੱਖ ਕਿਰਾਏ ਵਸੂਲ ਕੀਤੇ ਜਾ ਸਕਦੇ ਹਨ। ਇਸ ਵਿੱਚ ਏਅਰਪੋਰਟ ਰੇਲ ਸੇਵਾ ਵਰਗੀਆਂ ਖ਼ਾਸ ਸਹੂਲਤਾਂ ਲਈ ਵਾਧੂ ਸਰਚਾਰਜ ਲਗਾਉਣ ਦੀ ਸੰਭਾਵਨਾ ਵੀ ਸ਼ਾਮਲ ਹੈ।
ਵਾਰਡ 12 ਦੇ ਕੌਂਸਲਰ ਮਾਈਕ ਜੇਮੀਸਨ ਨੇ ਇਸ ਪ੍ਰਸਤਾਵ ‘ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਇਸ ਨਾਲ ਸ਼ਹਿਰ ਦੇ ਬਾਹਰੀ ਇਲਾਕਿਆਂ ਅਤੇ ਦੂਰਲੇ ਸਟੇਸ਼ਨਾਂ ਤੋਂ ਆਉਣ ਵਾਲੇ ਯਾਤਰੀਆਂ ‘ਤੇ ਵਧੇਰੇ ਆਰਥਿਕ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦੀ ਪ੍ਰਣਾਲੀ ਦਾ ਵਿਰੋਧ ਕਰਨਗੇ।ਦੂਜੇ ਪਾਸੇ ਵਾਰਡ 10 ਦੇ ਕੌਂਸਲਰ ਆਂਦਰੇ ਚਾਬੋਟ ਨੇ ਦਲੀਲ ਦਿੱਤੀ ਕਿ ਦੂਰੀ ਅਧਾਰਿਤ ਕਿਰਾਏ ਦੀ ਪ੍ਰਣਾਲੀ ਵਧੇਰੇ ਨਿਆਂਪੂਰਕ ਹੈ ਕਿਉਂਕਿ ਜਿਹੜਾ ਯਾਤਰੀ ਵੱਧ ਸੇਵਾ ਵਰਤਦਾ ਹੈ, ਉਸਨੂੰ ਉਸ ਅਨੁਸਾਰ ਭੁਗਤਾਨ ਕਰਨਾ ਚਾਹੀਦਾ ਹੈ।
ਕੈਲਗਰੀ ਟ੍ਰਾਂਜ਼ਿਟ ਦੀ ਡਾਇਰੈਕਟਰ ਸ਼ੈਰਨ ਫਲੇਮਿੰਗ ਨੇ ਕਿਹਾ ਕਿ ਪ੍ਰਸ਼ਾਸਨ ਵੱਖ-ਵੱਖ ਵਿਕਲਪਾਂ ਬਾਰੇ ਲੋਕਾਂ ਦੀ ਰਾਏ ਲਵੇਗਾ ਅਤੇ ਨਾਗਰਿਕਾਂ ਨਾਲ ਵਿਸਥਾਰਪੂਰਵਕ ਸਲਾਹ-ਮਸ਼ਵਰਾ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕੁਝ ਹੋਰ ਇਲਾਕਿਆਂ ਵਿੱਚ ਪਹਿਲਾਂ ਹੀ ਇਸ ਤਰ੍ਹਾਂ ਦੀ ਪ੍ਰਣਾਲੀ ਲਾਗੂ ਹੈ। ਓਨਟਾਰੀਓ ਦੀ GO Transit ਸੇਵਾ ਦੂਰੀ ਅਧਾਰਿਤ ਕਿਰਾਏ ਲੈਂਦੀ ਹੈ, ਜਦਕਿ ਵੈਂਕੂਵਰ ਦੀ SkyTrain ਸੇਵਾ ਵਿੱਚ ਜੋਨ ਅਧਾਰਿਤ ਕਿਰਾਏ ਦੀ ਵਿਵਸਥਾ ਹੈ।ਹੁਣ ਇਹ ਮਾਮਲਾ ਪੂਰੀ ਸਿਟੀ ਕੌਂਸਲ ਅੱਗੇ ਰੱਖਿਆ ਜਾਵੇਗਾ। ਜੇ ਕੌਂਸਲ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕੈਲਗਰੀ ਟ੍ਰਾਂਜ਼ਿਟ ਪ੍ਰਸ਼ਾਸਨ 2027 ਦੀ ਸ਼ੁਰੂਆਤ ਵਿੱਚ ਆਪਣੀ ਵਿਸਥਾਰਪੂਰਕ ਰਿਪੋਰਟ ਪੇਸ਼ ਕਰੇਗਾ।
















