ਅੰਮ੍ਰਿਤਪਾਲ ਦੀ ਮਾਤਾ ਨੇ CM ਭਗਵੰਤ ਮਾਨ ਨੂੰ ਪੁੱਛਿਆ ਸਵਾਲ — “ਐਨਐਸਏ ਖਤਮ ਹੋਣ ਮਗਰੋਂ ਪੰਜਾਬ ਕਿਉਂ ਨਹੀਂ ਲਿਆਉਂਦੇ?”
ਅੰਮ੍ਰਿਤਸਰ-ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕਰਦਿਆਂ ਪੁੱਛਿਆ ਕਿ ਜਦੋਂ ਅੰਮ੍ਰਿਤਪਾਲ ਸਿੰਘ ਉੱਤੇ ਲੱਗੀ ਐਨਐਸਏ ਦੀ ਮਿਆਦ ਖਤਮ ਹੋ ਚੁੱਕੀ ਹੈ ਤਾਂ ਫਿਰ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਕਿਉਂ ਨਹੀਂ ਲਿਆਂਦਾ ਜਾ ਰਿਹਾ।ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਆਪਣੀ “ਸ਼ੁਕਰਾਨਾ ਯਾਤਰਾ” ਤਹਿਤ ਅੰਮ੍ਰਿਤਸਰ ਦੇ ਰਈਆ ਕਸਬੇ ਵਿੱਚ ਪਹੁੰਚੇ ਹੋਏ ਸਨ। ਭਾਰੀ ਸੁਰੱਖਿਆ ਦੇ ਬਾਵਜੂਦ ਬਲਵਿੰਦਰ ਕੌਰ ਮੁੱਖ ਮੰਤਰੀ ਦੇ ਕਾਫਲੇ ਤੱਕ ਪਹੁੰਚ ਗਈ ਅਤੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਬਲਵਿੰਦਰ ਕੌਰ ਨੂੰ ਇਹ ਕਹਿੰਦੇ ਸੁਣਿਆ ਗਿਆ,“ਤੁਸੀਂ ਵੀ ਇੱਕ ਮਾਂ ਦੇ ਪੁੱਤ ਹੋ। ਮੈਂ ਅੰਮ੍ਰਿਤਪਾਲ ਸਿੰਘ ਦੀ ਮਾਂ ਹਾਂ। ਜਦੋਂ ਐਨਐਸਏ ਖਤਮ ਹੋ ਚੁੱਕੀ ਹੈ ਤਾਂ ਉਸ ਨੂੰ ਪੰਜਾਬ ਕਿਉਂ ਨਹੀਂ ਲਿਆਉਂਦੇ?” ਵੀਡੀਓ ਅਨੁਸਾਰ ਮੁੱਖ ਮੰਤਰੀ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਬਲਵਿੰਦਰ ਕੌਰ ਨੂੰ ਪਾਸੇ ਕਰ ਦਿੱਤਾ, ਜਿੱਥੇ ਉਨ੍ਹਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਅਪ੍ਰੈਲ 2023 ਵਿੱਚ ਐਨਐਸਏ ਤਹਿਤ ਗ੍ਰਿਫਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਸੀ। ਐਨਐਸਏ ਦੀ ਮਿਆਦ ਖਤਮ ਹੋਣ ਦੇ ਅਗਲੇ ਹੀ ਦਿਨ ਉਨ੍ਹਾਂ ਨੂੰ 2023 ਦੇ ਅਜਨਾਲਾ ਥਾਣਾ ਹਮਲਾ ਮਾਮਲੇ ਵਿੱਚ ਮੁੜ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਵੇਲੇ ਵੀ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਾਲ ਹੀ ਵਿੱਚ ਪੰਜਾਬ ਸਰਕਾਰ ਦੀ ਅਰਜ਼ੀ ‘ਤੇ ਹੁਕਮ ਦਿੱਤਾ ਸੀ ਕਿ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਦੀ ਅਦਾਲਤ ਵਿੱਚ ਵਰਚੁਅਲ ਤਰੀਕੇ ਨਾਲ ਪੇਸ਼ ਹੋਣਗੇ।ਅੰਮ੍ਰਿਤਪਾਲ ਸਿੰਘ ਨੂੰ 23 ਅਪ੍ਰੈਲ 2023 ਨੂੰ ਮੋਗਾ ਦੇ ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਕਾਰਵਾਈ ਅਜਨਾਲਾ ਥਾਣੇ ‘ਤੇ 23 ਫਰਵਰੀ 2023 ਨੂੰ ਹੋਏ ਹਮਲੇ ਤੋਂ ਬਾਅਦ ਕੀਤੀ ਗਈ ਸੀ, ਜਿੱਥੇ ਅੰਮ੍ਰਿਤਪਾਲ ਅਤੇ ਉਸਦੇ ਹਮਾਇਤੀਆਂ ‘ਤੇ ਹਥਿਆਰਾਂ ਨਾਲ ਥਾਣੇ ਵਿੱਚ ਦਾਖਲ ਹੋ ਕੇ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕਰਨ ਦੇ ਦੋਸ਼ ਲੱਗੇ ਸਨ।
















