ਕੈਨੇਡਾ ਦੀਆਂ ਵੱਡੀਆਂ ਫੈਂਟਾਨਿਲ ਬਰਾਮਦਗੀਆਂ ਵਿੱਚੋਂ ਇੱਕ ਦੇ ਮਾਮਲੇ ’ਚ ਦੋਸ਼ੀ ਨੂੰ 20 ਸਾਲ ਦੀ ਕੈਦ

A 30-year-old man, Nicholas Traviss, has been sentenced to 20 years in prison for drug trafficking and a 2024 home invasion in London, Ontario.

ਕੈਨੇਡਾ ਦੀਆਂ ਵੱਡੀਆਂ ਫੈਂਟਾਨਿਲ ਬਰਾਮਦਗੀਆਂ ਵਿੱਚੋਂ ਇੱਕ ਦੇ ਮਾਮਲੇ ’ਚ ਦੋਸ਼ੀ ਨੂੰ 20 ਸਾਲ ਦੀ ਕੈਦ

ਲੰਡਨ-ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਲੰਡਨ ਵਿੱਚ ਫੈਂਟਾਨਿਲ ਨਸ਼ੀਲੇ ਪਦਾਰਥਾਂ ਦੀ ਵੱਡੀ ਬਰਾਮਦਗੀ ਅਤੇ ਘਰ ਵਿੱਚ ਹਥਿਆਰਬੰਦ ਦਾਖ਼ਲੇ ਦੇ ਮਾਮਲੇ ਵਿੱਚ 30 ਸਾਲਾ ਨਿਕੋਲਸ ਟ੍ਰੈਵਿਸ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 13 ਕਿਲੋਗ੍ਰਾਮ ਫੈਂਟਾਨਿਲ ਬਰਾਮਦ ਕੀਤੀ ਸੀ, ਜਿਸ ਦੀ ਗੈਰ-ਕਾਨੂੰਨੀ ਬਾਜ਼ਾਰ ਵਿੱਚ ਕੀਮਤ ਲਗਭਗ 24 ਲੱਖ ਡਾਲਰ ਦੱਸੀ ਗਈ ਹੈ।

ਅਦਾਲਤ ਵਿੱਚ ਪੇਸ਼ ਕੀਤੇ ਗਏ ਵੇਰਵਿਆਂ ਅਨੁਸਾਰ ਨਵੰਬਰ 2024 ਵਿੱਚ ਮੁਲਜ਼ਮ ਡਾਊਨਟਾਊਨ ਲੰਡਨ ਦੀ ਸਿਮਕੋ ਸਟਰੀਟ ਸਥਿਤ ਇੱਕ ਅਪਾਰਟਮੈਂਟ ਵਿੱਚ ਘਰ ਵਿੱਚ ਜਬਰੀ ਦਾਖ਼ਲ ਹੋਣ ਦੀ ਘਟਨਾ ਵਿੱਚ ਸ਼ਾਮਲ ਸੀ। ਇਸ ਦੌਰਾਨ ਗੋਲੀ ਵੀ ਚਲਾਈ ਗਈ ਸੀ, ਪਰ ਅਪਾਰਟਮੈਂਟ ਦੇ ਅੰਦਰ ਮੌਜੂਦ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ।

ਜਾਂਚ ਦੌਰਾਨ ਲੰਡਨ ਪੁਲਿਸ ਮੁਲਜ਼ਮ ਦਾ ਪਿੱਛਾ ਕਰਦਿਆਂ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਜੈਕਸਵੇਅ ਕ੍ਰੈਸੈਂਟ ਸਥਿਤ ਇੱਕ ਅਪਾਰਟਮੈਂਟ ਤੱਕ ਪਹੁੰਚੀ। ਉੱਥੇ ਤਲਾਸ਼ੀ ਦੌਰਾਨ 13 ਕਿਲੋਗ੍ਰਾਮ ਫੈਂਟਾਨਿਲ, ਕਈ ਹਥਿਆਰ ਅਤੇ 37 ਹਜ਼ਾਰ ਡਾਲਰ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਗਈ।

ਮੁਲਜ਼ਮ ਨੇ ਫਰਵਰੀ 2026 ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੋਲੀ ਚਲਾਉਣ ਅਤੇ ਹਥਿਆਰਾਂ ਨਾਲ ਸਬੰਧਤ ਹੋਰ ਅਪਰਾਧਾਂ ਸਮੇਤ ਛੇ ਦੋਸ਼ ਕਬੂਲ ਕੀਤੇ ਸਨ।ਸਜ਼ਾ ਸੁਣਾਉਣ ਸਮੇਂ ਸਰਕਾਰੀ ਵਕੀਲ ਵਿਨਸੈਂਜੋ ਮਾਜ਼ਾ ਨੇ ਅਦਾਲਤ ਨੂੰ ਦੱਸਿਆ ਕਿ ਇਹ ਫੈਂਟਾਨਿਲ ਦੀ ਬਹੁਤ ਵੱਡੀ ਬਰਾਮਦਗੀ ਸੀ। ਉਨ੍ਹਾਂ ਕਿਹਾ ਕਿ ਸਾਲ 2024 ਦੌਰਾਨ ਲੰਡਨ ਵਿੱਚ ਫੈਂਟਾਨਿਲ ਨਾਲ ਸਬੰਧਤ 54 ਮੌਤਾਂ ਦਰਜ ਕੀਤੀਆਂ ਗਈਆਂ ਸਨ।

ਸਰਕਾਰੀ ਵਕੀਲ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ 24 ਤੋਂ 26 ਸਾਲ ਦੀ ਕੈਦ ਦੀ ਮੰਗ ਕੀਤੀ ਸੀ, ਜਦਕਿ ਬਚਾਅ ਪੱਖ ਦੀ ਵਕੀਲ ਮੈਲੋਡੀ ਇਜ਼ਾਦੀ ਨੇ ਮੁਲਜ਼ਮ ਦੇ ਮੁਸ਼ਕਲ ਬਚਪਨ ਦਾ ਹਵਾਲਾ ਦਿੰਦਿਆਂ 15 ਸਾਲ ਦੀ ਸਜ਼ਾ ਦੀ ਮੰਗ ਕੀਤੀ।ਅੰਤ ਵਿੱਚ ਜੱਜ ਬਰੂਸ ਥਾਮਸ ਨੇ ਮੁਲਜ਼ਮ ਨੂੰ ਕੁੱਲ 20 ਸਾਲ ਦੀ ਕੈਦ ਸੁਣਾਈ। ਪਹਿਲਾਂ ਹਿਰਾਸਤ ਵਿੱਚ ਬਿਤਾਏ ਸਮੇਂ ਦੀ ਛੋਟ ਮਿਲਣ ਤੋਂ ਬਾਅਦ ਉਸ ਨੂੰ ਹੁਣ ਲਗਭਗ 16 ਸਾਲ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ।