ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਲੋਚਕਾਂ ’ਤੇ ਨਜ਼ਰ ਰੱਖਣ ਲਈ ਨਿੱਜੀ ਜਾਂਚਕਰਤਾ ਰੱਖਣ ਦੇ ਦੋਸ਼

B.C. Conservatives are facing internal turmoil following allegations that a private investigator was hired to monitor critics of the party. The party says it is investigating the allegations, while Leader Kerry-Lynne Findlay says she had no knowledge of the alleged activity. The controversy comes amid the departure of several MLAs and questions about Findlay’s leadership.

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਲੋਚਕਾਂ ’ਤੇ ਨਜ਼ਰ ਰੱਖਣ ਲਈ ਨਿੱਜੀ ਜਾਂਚਕਰਤਾ ਰੱਖਣ ਦੇ ਦੋਸ਼

ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਦੀ ਕੰਜ਼ਰਵੇਟਿਵ ਪਾਰਟੀ ਵਿੱਚ ਅੰਦਰੂਨੀ ਵਿਵਾਦ ਉਸ ਸਮੇਂ ਹੋਰ ਵਧ ਗਿਆ, ਜਦੋਂ ਪਾਰਟੀ ਦੇ ਆਲੋਚਕਾਂ ’ਤੇ ਨਜ਼ਰ ਰੱਖਣ ਲਈ ਨਿੱਜੀ ਜਾਂਚਕਰਤਾ ਰੱਖੇ ਜਾਣ ਦੇ ਦੋਸ਼ ਸਾਹਮਣੇ ਆਏ। ਮਾਮਲੇ ਨੂੰ ਲੈ ਕੇ ਬੁੱਧਵਾਰ ਰਾਤ ਵੈਨਕੂਵਰ ਵਿੱਚ ਪਾਰਟੀ ਦੀ ਐਮਰਜੈਂਸੀ ਮੀਟਿੰਗ ਹੋਈ।

ਪਾਰਟੀ ਆਗੂ ਕੇਰੀ-ਲਿਨ ਫਿਨਲੇ ਨੇ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਜਾਂਚਕਰਤਾ ਰੱਖੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਦੋਸ਼ ਹਨ ਅਤੇ ਪਾਰਟੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਾਰਟੀ ਦੇ ਵਕੀਲ ਬਰੂਸ ਹਾਲਸੋਰ ਨੇ ਦੱਸਿਆ ਕਿ ਜਾਂਚਕਰਤਾ ਨੂੰ ਪਾਰਟੀ ਦੇ ਇੱਕ ਸਾਬਕਾ ਕਾਰਜਕਾਰੀ ਨਿਰਦੇਸ਼ਕ ਵੱਲੋਂ ਰੱਖਿਆ ਗਿਆ ਸੀ। ਉਨ੍ਹਾਂ ਮੁਤਾਬਕ ਕਥਿਤ ਤੌਰ ’ਤੇ ਦੋ ਦਰਜਨ ਤੋਂ ਵੱਧ ਲੋਕਾਂ ਦੇ ਨਾਮ ਸੂਚੀ ਵਿੱਚ ਸਨ, ਜਿਨ੍ਹਾਂ ਵਿੱਚ ਪੱਤਰਕਾਰ ਰੌਬ ਸ਼ਾਅ ਅਤੇ ਸਾਬਕਾ ਕੰਜ਼ਰਵੇਟਿਵ ਵਿਧਾਇਕ ਬ੍ਰੈਨਨ ਡੇਅ ਵੀ ਸ਼ਾਮਲ ਸਨ।ਸਕੀਨਾ ਹਲਕੇ ਦੀ ਵਿਧਾਇਕ ਕਲੇਅਰ ਰੈਟੇ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਮੁਤਾਬਕ ਪਾਰਟੀ ਨੇ ਉਨ੍ਹਾਂ ਨੂੰ ਮਾਮਲੇ ਬਾਰੇ ਰਸਮੀ ਤੌਰ ’ਤੇ ਸੂਚਿਤ ਕੀਤਾ ਹੈ ਅਤੇ ਇਸ ਵਿੱਚ ਨਿੱਜਤਾ ਦੀ ਉਲੰਘਣਾ ਜਾਂ ਹੋਰ ਨੁਕਸਾਨ ਦੀ ਸੰਭਾਵਨਾ ਹੋ ਸਕਦੀ ਹੈ।

ਪਾਰਟੀ ਦੇ ਇੱਕ ਹੋਰ ਸਾਬਕਾ ਕਾਰਜਕਾਰੀ ਨਿਰਦੇਸ਼ਕ ਐਂਜਲੋ ਇਸੀਡੋਰੂ ਨੇ ਦਾਅਵਾ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਕੰਪਨੀ ਵੀ ਕਥਿਤ ਨਿਗਰਾਨੀ ਦਾ ਨਿਸ਼ਾਨਾ ਬਣੇ।ਇਸ ਦੌਰਾਨ ਫਿਨਲੇ ਦੀ ਅਗਵਾਈ ਨੂੰ ਲੈ ਕੇ ਵੀ ਪਾਰਟੀ ਅੰਦਰ ਸਵਾਲ ਉੱਠੇ ਹਨ। ਰਿਪੋਰਟ ਮੁਤਾਬਕ ਬੁੱਧਵਾਰ ਰਾਤ ਦੀ ਮੀਟਿੰਗ ਦੌਰਾਨ ਘੱਟੋ-ਘੱਟ ਦੋ ਵਿਧਾਇਕਾਂ ਨੇ ਫਿਨਲੇ ਨੂੰ ਅਹੁਦਾ ਛੱਡਣ ਲਈ ਕਿਹਾ। ਹਾਲਾਂਕਿ ਫਿਨਲੇ ਨੇ ਕਿਹਾ ਕਿ ਉਹ ਅਹੁਦਾ ਛੱਡਣ ਵਾਲੀ ਨਹੀਂ ਹੈ।

ਪਾਰਟੀ ਵਿੱਚੋਂ ਹਾਲ ਹੀ ਵਿੱਚ ਨੌਂ ਵਿਧਾਇਕਾਂ ਦੇ ਵੱਖ ਹੋਣ ਤੋਂ ਬਾਅਦ ਸਿਆਸੀ ਸੰਕਟ ਹੋਰ ਗੰਭੀਰ ਹੋ ਗਿਆ ਹੈ। ਕੁਝ ਸਾਬਕਾ ਵਿਧਾਇਕਾਂ ਨੇ ਮਿਲ ਕੇ ਇੱਕ ਨਵੀਂ ਪਾਰਟੀ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਹੈ।ਇਸੇ ਦੌਰਾਨ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਹੈ ਕਿ ਬੀ.ਸੀ. ਐਨ.ਡੀ.ਪੀ. ਚੋਣਾਂ ਲਈ ਤਿਆਰ ਹੈ, ਹਾਲਾਂਕਿ ਉਨ੍ਹਾਂ ਨੇ ਅਗਾਊਂ ਚੋਣਾਂ ਦੀ ਕੋਈ ਤਾਰੀਖ ਨਹੀਂ ਦੱਸੀ। ਫਿਨਲੇ ਨੇ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਭਾਵਿਤ ਜਲਦੀ ਹੋਣ ਵਾਲੀਆਂ ਸੂਬਾਈ ਚੋਣਾਂ ਲਈ ਤਿਆਰ ਹੈ।ਕੰਜ਼ਰਵੇਟਿਵ ਪਾਰਟੀ ਨੇ ਵੀਰਵਾਰ ਨੂੰ ਚੋਣਾਂ ਤੋਂ ਪਹਿਲਾਂ ਫੰਡ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਫਿਨਲੇ ਅਬਟਸਫੋਰਡ-ਮਿਸ਼ਨ ਹਲਕੇ ਦੀ ਆਉਣ ਵਾਲੀ ਜ਼ਿਮਨੀ ਚੋਣ ਵਿੱਚ ਵੀ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰਣ ਦੀ ਤਿਆਰੀ ਕਰ ਰਹੀ ਹੈ।