ਕੈਨੇਡਾ ਨੇ ਯੂਰਪੀ ਸੰਘ ਦੇ ਇਰੈਸਮਸ+ ਪ੍ਰੋਗਰਾਮ ਵਿੱਚ ਪੂਰੀ ਭਾਈਵਾਲੀ ਲਈ ਗੱਲਬਾਤ ਸ਼ੁਰੂ ਕੀਤੀ
Canada is negotiating to become a full participant in the European Union's Erasmus+ student exchange and scholarship program.
ਓਟਵਾ-ਕੈਨੇਡਾ ਨੇ ਯੂਰਪੀ ਸੰਘ (ਈਯੂ) ਦੇ ਵਿਦਿਆਰਥੀ ਵਟਾਂਦਰਾ ਅਤੇ ਸਕਾਲਰਸ਼ਿਪ ਪ੍ਰੋਗਰਾਮ ‘ਇਰੈਸਮਸ+’ ਵਿੱਚ ਪੂਰੀ ਭਾਈਵਾਲੀ ਹਾਸਲ ਕਰਨ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਕੈਨੇਡਾ ਅਤੇ ਯੂਰਪੀ ਸੰਘ ਦੇ ਅਧਿਕਾਰੀ ਸਹਿਯੋਗ ਵਧਾਉਣ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰ ਰਹੇ ਹਨ।
ਜੇਕਰ ਕੈਨੇਡਾ ਨੂੰ ਇਸ ਪ੍ਰੋਗਰਾਮ ਵਿੱਚ ਪੂਰੀ ਭਾਈਵਾਲੀ ਮਿਲ ਜਾਂਦੀ ਹੈ ਤਾਂ ਕੈਨੇਡੀਅਨ ਵਿਦਿਆਰਥੀ ਯੂਰਪੀ ਸੰਘ ਦੇ ਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਗ੍ਰਾਂਟਾਂ ਅਤੇ ਵਜ਼ੀਫ਼ਿਆਂ ਦਾ ਲਾਭ ਲੈ ਸਕਣਗੇ। ਇਸ ਨਾਲ ਦੋਵਾਂ ਖੇਤਰਾਂ ਦੀਆਂ ਯੂਨੀਵਰਸਿਟੀਆਂ ਵਿਚਾਲੇ ਖੋਜ ਅਤੇ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਵੀ ਵਧੇਗਾ।
ਓਟਵਾ ਯੂਨੀਵਰਸਿਟੀ ਦੀ ਵਿਦਿਆਰਥਣ ਰਾਈਲੀ ਐਲੀਮੈਨ ਦਾ ਕਹਿਣਾ ਹੈ ਕਿ ਯੂਰਪ ਵਿੱਚ ਪੜ੍ਹਾਈ ਕਰਨ ਦਾ ਮੌਕਾ ਮਿਲਣ ਨਾਲ ਵਿਦਿਆਰਥੀਆਂ ਨੂੰ ਨਵੇਂ ਤਜਰਬੇ ਹਾਸਲ ਕਰਨ ਅਤੇ ਆਪਣੇ ਗਿਆਨ ਦਾ ਦਾਇਰਾ ਵਧਾਉਣ ਵਿੱਚ ਮਦਦ ਮਿਲੇਗੀ। ਉਹ ਬਾਇਓਫਾਰਮਾਸਿਊਟੀਕਲ ਵਿਗਿਆਨ ਦੀ ਵਿਦਿਆਰਥਣ ਹੈ ਅਤੇ ਮੈਡੀਕਲ ਖੋਜ ਦੇ ਖੇਤਰ ਵਿੱਚ ਕਰੀਅਰ ਬਣਾਉਣਾ ਚਾਹੁੰਦੀ ਹੈ।
ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਦੀ ਪ੍ਰਧਾਨ ਲਾਰੀਸਾ ਬੇਜ਼ੋ ਮੁਤਾਬਕ, ਇਸ ਸਹਿਯੋਗ ਨਾਲ ਕੈਨੇਡਾ ਵਿੱਚ ਹੁਨਰਮੰਦ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਨਾਲ ਖੋਜ, ਨਵੀਨਤਾ ਅਤੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲ ਸਕਦਾ ਹੈ।
ਯੂਰਪੀ ਸੰਘ ਵਿੱਚ ਕੈਨੇਡਾ ਦੇ ਸਾਬਕਾ ਰਾਜਦੂਤ ਜੇਰੇਮੀ ਕਿਨਸਮੈਨ ਨੇ ਕਿਹਾ ਕਿ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਨਾਲ ਦੋਵਾਂ ਖੇਤਰਾਂ ਦੇ ਲੋਕਾਂ ਵਿਚਾਲੇ ਆਪਸੀ ਸਾਂਝ ਅਤੇ ਸਹਿਯੋਗ ਮਜ਼ਬੂਤ ਹੋਵੇਗਾ। ਹਾਲਾਂਕਿ, ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਨੂੰ ਕਿੰਨਾ ਖਰਚਾ ਕਰਨਾ ਪਵੇਗਾ, ਇਸ ਬਾਰੇ ਵੀ ਵਿਚਾਰ-ਵਟਾਂਦਰਾ ਜਾਰੀ ਹੈ। ਇਸ ਦੇ ਨਾਲ ਹੀ ਕੈਨੇਡਾ ਦੀ ਯੂਰਪੀ ਸੰਘ ਦੀ ਸਹਿਯੋਗੀ ਮੈਂਬਰਸ਼ਿਪ ਦੀ ਸੰਭਾਵਨਾ ਵੀ ਵਿਚਾਰੀ ਜਾ ਰਹੀ ਹੈ।














