ਕੈਨੇਡਾ ਜੀ-7 ਦੇਸ਼ਾਂ ਵਿੱਚ ਬਣਿਆ ‘ਫੂਡ ਇਨਫਲੇਸ਼ਨ ਕੈਪੀਟਲ’
ਓਟਵਾ-ਕੈਨੇਡਾ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ, ਜਿਸ ਕਾਰਨ ਦੇਸ਼ ਜੀ-7 ਸਮੂਹ ਦੇ ਹੋਰ ਦੇਸ਼ਾਂ ਦੇ ਮੁਕਾਬਲੇ ‘ਫੂਡ ਇਨਫਲੇਸ਼ਨ ਕੈਪੀਟਲ’ ਬਣਦਾ ਜਾ ਰਿਹਾ ਹੈ। ਖਾਣ-ਪੀਣ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਫੂਡ ਮਹਿੰਗਾਈ ਦੀ ਦਰ ਚਿੰਤਾਜਨਕ ਹੱਦ ਤੱਕ ਪਹੁੰਚ ਗਈ ਹੈ।
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਇੱਕ ਸਾਲ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ 6.2 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ, ਜੋ 2023 ਤੋਂ ਬਾਅਦ ਸਭ ਤੋਂ ਵੱਡਾ ਵਾਧਾ ਹੈ। ਇਹ ਦਰ ਅਮਰੀਕਾ ਦੇ ਮੁਕਾਬਲੇ ਲਗਭਗ ਦੁਗਣੀ ਦੱਸੀ ਜਾ ਰਹੀ ਹੈ।
ਵਧਦੀ ਮਹਿੰਗਾਈ ਕਾਰਨ ਆਮ ਪਰਿਵਾਰਾਂ ਦਾ ਘਰੇਲੂ ਬਜਟ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਲੋਕ ਸਸਤੀ ਖਰੀਦ ਵੱਲ ਰੁਝਾਨ ਵਧਾ ਰਹੇ ਹਨ ਅਤੇ ਸੇਲ ਫਲਾਇਰਾਂ ਦੇ ਆਧਾਰ ’ਤੇ ਸਮਾਨ ਖਰੀਦਣ ਲਈ ਮਜਬੂਰ ਹਨ। ਕਈ ਗਾਹਕਾਂ ਦਾ ਕਹਿਣਾ ਹੈ ਕਿ ਹੁਣ ਉਹ ਘੱਟ ਮਾਤਰਾ ਵਿੱਚ ਸਮਾਨ ਖਰੀਦ ਰਹੇ ਹਨ ਅਤੇ ਭੋਜਨ ਦੀ ਮਾਤਰਾ ਵੀ ਘਟ ਗਈ ਹੈ।
ਰਿਪੋਰਟ ਮੁਤਾਬਕ ਗ੍ਰੋਸਰੀ ਸਟੋਰਾਂ ਵਿੱਚ ਪਿਛਲੇ ਸਾਲ ਕੀਮਤਾਂ ਵਿੱਚ ਕਰੀਬ 5 ਫ਼ੀਸਦੀ ਵਾਧਾ ਹੋਇਆ ਹੈ, ਜਦਕਿ ਰੈਸਟੋਰੈਂਟਾਂ ਵਿੱਚ ਭੋਜਨ 8.5 ਫ਼ੀਸਦੀ ਤੱਕ ਮਹਿੰਗਾ ਹੋਇਆ ਹੈ। ਡੈਲਹੌਜ਼ੀ ਯੂਨੀਵਰਸਿਟੀ ਦੇ ਫੂਡ ਮਾਹਿਰ ਸਿਲਵੈਂ ਸ਼ਾਰਲਬੁਆ ਨੇ ਕਿਹਾ ਹੈ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਟੈਰਿਫ਼ ਹੋਣ ਦੇ ਬਾਵਜੂਦ ਉੱਥੇ ਫੂਡ ਮਹਿੰਗਾਈ ਕੈਨੇਡਾ ਨਾਲੋਂ ਅੱਧੀ ਹੈ, ਜੋ ਕੈਨੇਡਾ ਲਈ ਗੰਭੀਰ ਚੇਤਾਵਨੀ ਹੈ।
ਉਨ੍ਹਾਂ ਦੱਸਿਆ ਕਿ ਕੌਫੀ ਦੀਆਂ ਕੀਮਤਾਂ ਵਿੱਚ ਲਗਭਗ 30 ਫ਼ੀਸਦੀ ਅਤੇ ਬੀਫ਼ ਦੀਆਂ ਕੀਮਤਾਂ ਵਿੱਚ ਕਰੀਬ 17 ਫ਼ੀਸਦੀ ਵਾਧਾ ਹੋ ਚੁੱਕਾ ਹੈ। ਇਸ ਕਾਰਨ ਲੋਕ ਮਾਸ, ਚੀਜ਼, ਦੁੱਧ ਅਤੇ ਅੰਡਿਆਂ ਵਰਗੀਆਂ ਬੁਨਿਆਦੀ ਵਸਤਾਂ ਦੀ ਖਰੀਦ ਵਿੱਚ ਵੀ ਕਮੀ ਕਰਨ ਲੱਗ ਪਏ ਹਨ। ਲੋਕਾਂ ਦਾ ਕਹਿਣਾ ਹੈ ਕਿ ਖਾਣਾ ਅਤੇ ਰਹਿਣ ਲਈ ਘਰ ਮਨੁੱਖ ਦੀਆਂ ਸਭ ਤੋਂ ਬੁਨਿਆਦੀ ਲੋੜਾਂ ਹਨ ਅਤੇ ਇਨ੍ਹਾਂ ਦੀ ਵਧਦੀ ਮਹਿੰਗਾਈ ਆਮ ਜੀਵਨ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰ ਰਹੀ ਹੈ।
















