ਕੈਨੇਡਾ–ਦੱਖਣੀ ਕੋਰੀਆ ਵਿਚਕਾਰ ਨਵਾਂ ਰੱਖਿਆ ਸਮਝੌਤਾ

ਕੈਨੇਡਾ–ਦੱਖਣੀ ਕੋਰੀਆ ਵਿਚਕਾਰ ਨਵਾਂ ਰੱਖਿਆ ਸਮਝੌਤਾ

ਓਟਾਵਾ-ਕੈਨੇਡਾ ਅਤੇ ਦੱਖਣੀ ਕੋਰੀਆ ਵਿਚਕਾਰ ਨਵਾਂ ਰੱਖਿਆ ਸਮਝੌਤਾ ਸਾਇਨ ਹੋਇਆ ਹੈ, ਜਿਸਨੂੰ ਦੋਵਾਂ ਦੇਸ਼ਾਂ ਦੀ ਸੁਰੱਖਿਆ ਸਾਂਝ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਇਹ ਐਲਾਨ ਉਸ ਵੇਲੇ ਸਾਹਮਣੇ ਆਇਆ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੱਡੀਆਂ ਤਾਕਤਾਂ ਦੀ ਆਰਥਿਕ ਦਬਾਅ ਨੀਤੀ ਦੇ ਮੁਕਾਬਲੇ ਲਈ ਮੱਧਮ ਤਾਕਤਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਸੀ।

ਅਕਤੂਬਰ ਵਿੱਚ ਗੱਲਬਾਤ ਮੁਕੰਮਲ ਹੋਣ ਤੋਂ ਬਾਅਦ ਹੋਏ ਇਸ ਸਮਝੌਤੇ ਤਹਿਤ ਗੁਪਤ ਫੌਜੀ ਅਤੇ ਰੱਖਿਆ ਸੰਬੰਧੀ ਜਾਣਕਾਰੀ ਦੀ ਅਦਲਾ-ਬਦਲੀ ਅਤੇ ਉਸਦੀ ਸੁਰੱਖਿਆ ਲਈ ਕਾਨੂੰਨੀ ਢਾਂਚਾ ਤੈਅ ਕੀਤਾ ਗਿਆ ਹੈ। ਓਟਾਵਾ ਅਨੁਸਾਰ, ਇਹ ਸਮਝੌਤਾ ਰੱਖਿਆ ਖਰੀਦ, ਉਦਯੋਗਿਕ ਸੁਰੱਖਿਆ ਅਤੇ ਸਾਂਝੀ ਖੋਜ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਮਜ਼ਬੂਤ ਅਧਾਰ ਪ੍ਰਦਾਨ ਕਰੇਗਾ।

ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਕਿਹਾ ਕਿ ਕੈਨੇਡਾ ਲਈ ਆਪਣੀ ਰੱਖਿਆ ਉਦਯੋਗਿਕ ਸਮਰੱਥਾ ਦਾ ਵਿਸਥਾਰ ਕਰਨਾ ਜ਼ਰੂਰੀ ਹੈ ਅਤੇ ਨਾਲ ਹੀ ਅੰਤਰਰਾਸ਼ਟਰੀ ਸੁਰੱਖਿਆ ਭਾਗੀਦਾਰੀਆਂ ਨੂੰ ਮਜ਼ਬੂਤ ਕਰਨਾ ਵੀ ਅਹਿਮ ਹੈ। ਉਨ੍ਹਾਂ ਮੁਤਾਬਕ ਇਹ ਸਮਝੌਤਾ ਰਣਨੀਤਿਕ ਪੱਖੋਂ ਦੋਵਾਂ ਦੇਸ਼ਾਂ ਲਈ ਲਾਭਕਾਰੀ ਸਾਬਤ ਹੋਵੇਗਾ।

ਇਸ ਦੌਰਾਨ ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਰੱਖਿਆ ਮੰਤਰੀ ਮੈਕਗਿੰਟੀ ਨੇ ਦੱਖਣੀ ਕੋਰੀਆ ਦੇ ਆਪਣੇ ਹਮਰੁਤਬਾ ਅਹਨ ਗਿਉਬੈਕ ਅਤੇ ਚੋ ਹਿਉਨ ਨਾਲ ਭੇਟ ਕੀਤੀ।

ਇਹ ਸਮਝੌਤਾ ਕੈਨੇਡਾ ਵੱਲੋਂ ਆਪਣੀਆਂ ਵਪਾਰਕ ਅਤੇ ਸੁਰੱਖਿਆ ਸਾਂਝੇਦਾਰੀਆਂ ਨੂੰ ਵਿਸਥਾਰ ਦੇਣ ਦੀ ਵਿਆਪਕ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਤਾਂ ਜੋ ਬਦਲਦੇ ਗਲੋਬਲ ਭੂ-ਰਾਜਨੀਤਿਕ ਹਾਲਾਤਾਂ ਵਿੱਚ ਨਵੇਂ ਸਾਥੀਆਂ ਨਾਲ ਸਹਿਯੋਗ ਮਜ਼ਬੂਤ ਕੀਤਾ ਜਾ ਸਕੇ।