ਅਮਰੀਕਾ–ਈਰਾਨ ਪ੍ਰਮਾਣੂ ਗੱਲਬਾਤ ਦਾ ਤੀਜਾ ਦੌਰ

ਅਮਰੀਕਾ–ਈਰਾਨ ਪ੍ਰਮਾਣੂ ਗੱਲਬਾਤ ਦਾ ਤੀਜਾ ਦੌਰ

ਜਿਨੇਵਾ-ਅਮਰੀਕਾ ਅਤੇ ਈਰਾਨ ਵਿਚਕਾਰ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਸਬੰਧੀ ਗੱਲਬਾਤ ਦਾ ਤੀਜਾ ਦੌਰ ਵੀਰਵਾਰ ਨੂੰ ਜਿਨੇਵਾ ਵਿੱਚ ਕਈ ਘੰਟਿਆਂ ਤੱਕ ਜਾਰੀ ਰਿਹਾ। ਇਸਨੂੰ ਕੂਟਨੀਤਿਕ ਹੱਲ ਲਈ ਅਹਿਮ ਅਤੇ ਸੰਭਾਵਤ ਤੌਰ ‘ਤੇ ਆਖਰੀ ਮੌਕਾ ਮੰਨਿਆ ਜਾ ਰਿਹਾ ਹੈ।

ਅਮਰੀਕਾ ਵੱਲੋਂ ਈਰਾਨ ‘ਤੇ ਸਮਝੌਤੇ ਲਈ ਦਬਾਅ ਵਧਾਉਂਦੇ ਹੋਏ ਪੱਛਮੀ ਏਸ਼ੀਆ ਵਿੱਚ ਜੰਗੀ ਜਹਾਜ਼ਾਂ ਅਤੇ ਨੌਸੈਨਿਕ ਬੇੜੇ ਦੀ ਤਾਇਨਾਤੀ ਕੀਤੀ ਗਈ ਹੈ। ਪਿਛਲੇ ਸਾਲ ਜੂਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਇਹ ਤੀਜਾ ਗੱਲਬਾਤੀ ਦੌਰ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਿਤ ਕਰਨ ਲਈ ਨਵਾਂ ਸਮਝੌਤਾ ਕਰਨ ਦੇ ਇਚਛੁਕ ਹਨ। ਰਿਪੋਰਟਾਂ ਮੁਤਾਬਕ ਉਹ ਪਿਛਲੇ ਮਹੀਨੇ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਈਰਾਨ ਵਿੱਚ ਵਧ ਰਹੀ ਅਸੰਤੁਸ਼ਟੀ ਨੂੰ ਵੀ ਇੱਕ ਮੌਕੇ ਵਜੋਂ ਦੇਖ ਰਹੇ ਹਨ। ਦੂਜੇ ਪਾਸੇ, ਈਰਾਨ ਲਗਾਤਾਰ ਇਹ ਕਹਿੰਦਾ ਆ ਰਿਹਾ ਹੈ ਕਿ ਉਹ ਯੂਰੇਨੀਅਮ ਸੰਸ਼ੋਧਨ ਜਾਰੀ ਰੱਖੇਗਾ।

ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਵੱਲੋਂ ਹਮਲਾ ਕੀਤਾ ਗਿਆ ਤਾਂ ਪੱਛਮੀ ਏਸ਼ੀਆ ਵਿੱਚ ਮੌਜੂਦ ਸਾਰੇ ਅਮਰੀਕੀ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਜਿਨੇਵਾ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਯੁੱਧ ਕਿਸੇ ਦੇ ਹੱਕ ਵਿੱਚ ਨਹੀਂ ਹੋਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਟਕਰਾਅ ਵਧਿਆ ਤਾਂ ਪੂਰਾ ਖੇਤਰ ਇਸ ਦੀ ਲਪੇਟ ਵਿੱਚ ਆ ਸਕਦਾ ਹੈ, ਜੋ ਕਿ ਬਹੁਤ ਹੀ ਵਿਨਾਸ਼ਕਾਰੀ ਸਥਿਤੀ ਸਾਬਤ ਹੋਵੇਗੀ।